ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਇਸ ਕਾਲਮ ਸਬੰਧੀ ਆਈਆਂ ਟਿੱਪਣੀਆਂ / ਸੁਆਲਾਂ ਦੇ ਜਵਾਬ ਬਲਰਾਜ ਸਿੱਧੂ ਜੀ ਵੱਲੋਂ ਹੀ ਦਿੱਤੇ ਜਾਣਗੇ । ਕਿਰਪਾ ਕਰਕੇ ਆਪਣੇ ਵਿਚਾਰ ਆਰਸੀ ਨੂੰ ਈਮੇਲ ਕਰਕੇ ਹੀ ਭੇਜੋ ਜੀ। ਬਹੁਤ-ਬਹੁਤ ਸ਼ੁਕਰੀਆ।

Saturday, September 25, 2010

ਬਲਰਾਜ ਸਿੱਧੂ - ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ – ਲੇਖ – ਭਾਗ ਦੂਜਾ

ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ

ਲੇਖ ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

******

ਫ਼ਰੀਦ ਜੀ ਨੇ ਅਜੋਧਨ ਵਿਖੇ ਖ਼ਾਨਗਾਹ ਅਤੇ ਸਰਾਂ ਦਾ ਨਿਰਮਾਣ ਕਰਵਾਉਣ ਤੋਂ ਇਲਾਵਾ ਡੇਢ ਕੁ ਸੌ ਫੁੱਟ ਉੱਚੇ ਟਿੱਬੇ ਉੱਤੇ ਆਪਣਾ ਜਮਾਇਤਖ਼ਾਨਾ ਵੀ ਬਣਵਾਇਆ ਹੋਇਆ ਸੀ। ਇਹ ਇਕ ਵੱਡਾ ਸਾਰਾ ਬੁਲੰਦ ਕੋਠਾ ਸੀ ਜੋ ਮੁਰੀਦਾਂ ਤੇ ਮੁਸਾਫ਼ਿਰਾਂ ਠਹਿਰਨ ਵਾਸਤੇ ਉਸਰਿਆ ਗਿਆ ਸੀ। ਇਸਦੇ ਦਰਵਾਜ਼ੇ ਅੱਧੀ ਰਾਤ ਤੱਕ ਯਾਤਰੀਆਂ ਲਈ ਖੁੱਲ੍ਹੇ ਰਹਿੰਦੇ ਸਨ। ਜਮਾਇਤਖ਼ਾਨੇ ਵਿੱਚ ਬੜੀ ਦੂਰੋਂ ਦੂਰੋਂ ਸੰਤ, ਫ਼ਕੀਰ, ਤਾਲਿਬੇ, ਆਲਮ, ਅਦੀਬ ਅਤੇ ਜਗਿਆਸੂ ਆਇਆ ਕਰਦੇ ਸਨ। ਇਸ ਸਥਾਨ ਤੇ ਧਾਰਮਿਕ ਬਹਿਸ-ਮੁਬਾਇਸੇ ਨਿਰੰਤਰ ਚਲਦੇ ਰਿਹਾ ਕਰਦੇ ਸਨ, ਜਿਨ੍ਹਾਂ ਵਿੱਚ ਨਾਥ ਜੋਗੀ ਵੀ ਭਾਗ ਲੈਂਦੇ। ਇਹ ਲੋਕ ਕਈ ਵਾਰ ਆਵੇਸ਼ ਵਿੱਚ ਆ ਜਾਇਆ ਕਰਦੇ ਸਨ। ਪਰ ਫ਼ਰੀਦ ਜੀ ਨਿਮਰਤਾ ਅਤੇ ਮਿੱਠਾ ਬੋਲਣ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਉਨ੍ਹਾਂ ਦੇ ਰੁੱਖੇ ਵਤੀਰੇ ਦੇ ਪ੍ਰਤੀਕ੍ਰਮ ਵਜੋਂ ਆਪਣੀ ਬਾਣੀ ਵਿੱਚ ਫ਼ਰੀਦ ਜੀ ਨੇ ਉਚਾਰਿਆ ਸੀ:

ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ।।

ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।

(ਅਰਥ:- ਪਰਮਾਤਮਾ ਦੀ ਸੇਵਾ ਕਰੋ। ਇਹ ਕਰਮ ਆਤਮਾ ਉੱਤੇ ਪਏ ਸਾਰੇ ਭਰਮ-ਭੁਲੇਖਿਆਂ ਨੂੰ ਉਤਾਰਨ ਦੇ ਸਮਰੱਥ ਹੈ। ਦਰਵੇਸ਼ਾਂ ਦਾ ਜਿਗਰਾ ਰੁੱਖਾ ਵਰਗਾ ਵਿਸ਼ਾਲ ਅਤੇ ਮਹਾਨ ਹੋਣਾ ਚਾਹੀਦਾ ਹੈ। ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਗ਼ੁੱਸਾ ਨਹੀਂ ਕਰਦੇ ।)

-----

ਅਯੋਧਨ ਵਿੱਚ ਰਹਿੰਦਿਆਂ ਕਈ ਵਾਰ ਫ਼ਰੀਦ ਜੀ ਨੂੰ ਸਥਾਨਕ ਅਧਿਕਾਰੀਆਂ ਦੀਆਂ ਗੁਸਤਾਖ਼ੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇੱਕ ਮੌਕੇ ਅਜੋਧਨ ਦੇ ਕਾਜ਼ੀ ਨੇ ਮੁਲਤਾਨ ਦੇ ਉਲਮਾਂ ਨੂੰ ਸ਼ੇਖ ਫ਼ਰੀਦ ਦੇ ਵਿਰੁੱਧ ਫਤਵਾ ਜਾਰੀ ਕਰਨ ਦੀ ਬੇਨਤੀ ਵੀ ਕੀਤੀ ਸੀ। ਉਹਨਾਂ ਦੋਸ਼ ਲਾਇਆ ਸੀ ਕਿ ਦਰਵੇਸ਼ ਫ਼ਰੀਦ ਮਸੀਤ ਵਿੱਚ ਰਹਿੰਦਾ ਹੈ ਤੇ ਸੰਗੀਤ ਦੀਆਂ ਮਹਿਫ਼ਿਲਾਂ ਵਿੱਚ ਸ਼ਰੀਕ ਹੁੰਦਾ ਹੈ। ਭਾਵੇਂ ਉਲਮਾ ਨੇ ਕਾਜੀ ਦੀ ਗੱਲ ਨਾ ਮੰਨੀ ਪਰ ਤਾਂ ਵੀ ਫ਼ਰੀਦ ਜੀ ਦੇ ਵਿਰੁੱਧ ਦਰਬਾਰੀ ਦਮਨ ਅਤੇ ਦਬਾਉ ਮੁਸੱਲਸਲ ਪੈਂਦਾ ਰਿਹਾ। ਫ਼ਰੀਦ ਦਾ ਕਲਾਮ ਅਤੇ ਸਿਖਿਆਵਾਂ ਮੌਕੇ ਦੀ ਸਰਕਾਰ ਨੂੰ ਨਾਪਸੰਦ ਸਨ। ਇਸ ਕਾਰਨ ਇੱਕ ਦੋ ਵਾਰੀ ਤਾਂ ਫ਼ਰੀਦ ਜੀ ਦੀ ਤੇ ਜਾਨ-ਲੇਵਾ ਹਮਲੇ ਵੀ ਹੋਏ ਸਨ। ਦੂਸਰੇ ਫ਼ਕੀਰ ਫ਼ਰੀਦ ਜੀ ਦੀ ਬਾਣੀ ਨੂੰ ਆਪਣੀ ਆਲੋਚਨਾ ਦੇ ਔਜਾਰ ਨਾਲ ਕੱਟਣ ਦਾ ਯਤਨ ਵੀ ਕਰਿਆ ਕਰਦੇ ਸਨ। ਲੇਕਿਨ ਫ਼ਰੀਦ ਜੀ ਉਨ੍ਹਾਂ ਦੀ ਨਿੰਦਿਆ ਅਤੇ ਨਘੋਚਾਂ ਦੀ ਰਤਾ ਪਰਵਾਹ ਨਾ ਕਰਦੇ ਤੇ ਹੱਸ ਕੇ ਉਨ੍ਹਾਂ ਨੂੰ ਆਖਦੇ:

ਫ਼ਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।।

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।।

( ਅਰਥ:- ਹੇ ਇਨਸਾਨ! ਜੇ ਤੂੰ ਬੁੱਧੀਮਾਨ ਹੈਂ ਤਾਂ ਬੁਰੇ ਕਰਮ ਨਾ ਕਰ। ਕਿਸੇ ਹੋਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੇ ਮਨ ਅੰਦਰ ਝਾਤੀ ਮਾਰ ਕੇ ਦੇਖ। ਕੀ ਤੇਰੇ ਵਿੱਚ ਤਾਂ ਉਹ ਕਮਜ਼ੋਰੀਆਂ ਨਹੀਂ ਹਨ? )

-----

ਫ਼ਰੀਦ ਜੀ ਤਮਾਮ ਉਮਰ ਕੱਖ ਕਾਨਿਆਂ ਦੀ ਬਣੀ ਇੱਕ ਛੱਪਰੀ ਵਿੱਚ ਨਿਵਾਸ ਕਰਦੇ ਰਹੇ ਕਿਉਂਕਿ ਚਿਸ਼ਤੀ ਸੰਪਰਦਾਏ ਅਨੁਸਾਰ ਇੱਟਾਂ ਦੀ ਬਣੀ ਇਮਾਰਤ ਵਿੱਚ ਰਹਿਣਾ ਇੱਕ ਸੂਫ਼ੀ ਲਈ ਵਿਵਰਜਿਤ ਸੀ।

ਫ਼ਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ।।

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ।।

-----

ਖ਼ੁਆਜਾ ਕੁਤਬੁਦੀਨ ਵਲੋਂ ਪ੍ਰਾਪਤ ਹੋਈ ਆਸੇ (ਸੋਟੇ) ਦਾ ਫ਼ਰੀਦ ਜੀ ਸਿਰਹਾਣੇ ਦੇ ਰੂਪ ਵਿੱਚ ਪ੍ਰਯੋਗ ਕਰਦੇ ਸਨ। ਫ਼ਰੀਦ ਜੀ ਪਾਸ ਇੱਕ ਛੋਟੀ ਜਿਹੀ ਕਾਲ਼ੀ ਕੰਬਲੀ ਸੀ। ਜਿਸ ਬਾਰੇ ਆਪਣੇ ਸਲੋਕਾਂ ਵਿੱਚ ਉਹ ਖ਼ੁਦ ਸੰਕੇਤ ਦਿੰਦੇ ਹੋਏ ਲਿਖਦੇ ਹਨ:-

ਫ਼ਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।।

ਚਲਾ ਤ ਭਿਜੈ ਕੰਬਲੀ ਰਹਾ ਤੇ ਤੁਟੈ ਨੇਹੁ।।

( ਅਰਥ:- ਫ਼ਰੀਦ ਜੀ ਲਿਖਦੇ ਹਨ ਕਿ ਗਲੀਆਂ ਵਿੱਚ ਚਿੱਕੜ ਹੈ ਅਤੇ ਪਤੀ (ਪਰਮਾਤਮਾ) ਦਾ ਘਰ ਬੜੀ ਦੂਰ ਹੈ। ਮੇਰਾ ਉਸ ਨਾਲ ਮਿਲਣ ਦਾ ਇਕ਼ਰਾਰ ਕੀਤਾ ਹੋਇਆ ਹੈ। ਜੇ ਜਾਂਦਾ ਹਾਂ ਤਾਂ ਮੇਰੀ ਇਕੋ-ਇਕ ਕੰਬਲੀ ਭਿੱਜਦੀ ਹੈ, ਜੇ ਨਹੀਂ ਜਾਂਦਾ ਤਾਂ ਇਕਰਾਰ ਤੋਂ ਝੂਠਾ ਪੈਦਾਂ ਹਾਂ ਅਤੇ ਪ੍ਰੇਮ ਟੁੱਟਦਾ ਹੈ। )

-----

ਇਸ ਕੰਬਲੀ ਨੂੰ ਫ਼ਰੀਦ ਜੀ ਰਾਤ ਨੂੰ ਓੜਨ ਵਜੋਂ ਉੱਪਰ ਲੈ ਲੈਂਦੇ ਸਨ। ਦਿਨ ਸਮੇਂ ਇਸੇ ਉੱਤੇ ਬੈਠ ਕੇ ਉਹ ਪ੍ਰਭੂ ਸਿਮਰਨ ਵਿੱਚ ਗੜੂੰਦ ਰਹਿੰਦੇ ਸਨ। ਸਰਦੀਆਂ ਵਿੱਚ ਛੋਟੀ ਕੰਬਲੀ ਨਾਲ ਸਿਰ ਨੂੰ ਢਕਣ ਲੱਗਿਆਂ ਉਨ੍ਹਾਂ ਦੇ ਪੈਰ ਨੰਗੇ ਹੋ ਜਾਂਦੇ ਸਨ ਤੇ ਪੈਰਾਂ ਨੂੰ ਲੁਕਾਉਣ ਲੱਗਿਆਂ ਸਿਰ ਅਣਕੱਜਿਆ ਜਾਂਦਾ ਸੀ। ਪਰੰਤੂ ਫ਼ਰੀਦ ਜੀ ਪਰੇਸ਼ਾਨ ਹੋਣ ਦੀ ਬਜਾਏ ਸਗੋਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਹਿੰਦੇ ਸਨ ਕਿ ਜੇ ਕੰਬਲੀ ਵੱਡੀ ਹੁੰਦੀ ਤਾਂ ਮੈ ਹੁਣ ਸੁੱਤੇ ਹੋਣਾ ਸੀ। ਚੰਗਾ ਹੋਇਆ ਠੰਡ ਨਾਲ ਮੈਨੂੰ ਜਾਗ ਆ ਗਈ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣ ਦਾ ਮੌਕਾ ਮਿਲ ਗਿਆ ਹੈ।

ਫ਼ਰੀਦਾ ਪਿਛਲ ਰਾਤਿ ਨ ਜਾਗਓਹਿ ਜੀਵਦੜੋ ਮੁਇਓਹਿ।।

ਜੇ ਤੈ ਰਬੁ ਵਿਸਾਰਿਆ ਤੇ ਰਬਿ ਨ ਵਿਸਰਿਓਹਿ।।

( ਅਰਥ:- ਹੇ ਇਨਸਾਨ! ਜੇ ਤੂੰ ਰਾਤ ਦੇ ਆਖਰੀ ਪਹਿਰ (ਸਵੇਰ ਦਾ ਪਹਿਲਾ ਪਹਿਰ) ਉੱਠ ਕੇ ਪ੍ਰਭੂ ਦੀ ਭਗਤੀ ਨਹੀਂ ਕਰਦਾ ਤਾਂ ਤੂੰ ਜਿਉਂਦਾ ਹੋਇਆ ਵੀ ਮਰਿਆ ਸਮਾਨ ਹੈ। ਭਾਵੇਂ ਤੂੰ ਤਾਂ ਰੱਬ ਨੂੰ ਵਿਸਾਰ ਰੱਖਿਆ ਹੈ ਪਰ ਰੱਬ ਨੇ ਤੈਨੂੰ ਨਹੀਂ ਵਿਸਾਰਿਆ। ਉਹ ਸਦਾ ਤੇਰਾ ਅਤੇ ਤੇਰੇ ਕਰਮਾਂ ਦਾ ਖ਼ਿਆਲ ਰੱਖਦਾ ਹੈ। )

ਕੰਜਮੂਲ, ਪੀਲੂ, ਕਰੀਰ ਦੇ ਡੇਲੇ, ਜੌਆਂ ਦੀ ਖੁਸ਼ਕ ਰੋਟੀ ਜਾਂ ਕੁਝ ਹੋਰ ਜੰਗਲੀ ਫੁੱਲ ਹੀ ਫ਼ਰੀਦ ਜੀ ਦੀ ਖ਼ੁਰਾਕ ਸੀ, ਜੋ ਉਹ ਖ਼ੁਸ਼ ਹੋ ਕੇ ਛਕ ਲਿਆ ਕਰਦੇ ਸਨ।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।।

ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।।

( ਅਰਥ:- ਫ਼ਰੀਦ ਜੀ ਦਾ ਫੁਰਮਾਨ ਹੈ ਕਿ ਰੁੱਖੀ-ਸੁੱਕੀ ਖਾ ਕੇ, ਸ਼ੀਤਲ ਜਲ ਪੀ ਕੇ ਜ਼ਿੰਦਗੀ ਬਸਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਬਰ ਵਿਅਕਤੀ ਨੂੰ ਇੱਕ ਅੰਦਰੂਨੀ ਤਾਕਤ ਬਖ਼ਸ਼ਦਾ ਹੈ। ਦੂਜੇ ਲੋਕਾਂ ਦੀ ਚੋਪੜੀ ਹੋਈ ਰੋਟੀ ਨੂੰ ਵੇਖ ਕੇ ਈਰਖਾ ਜਾਂ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਭਾਵ ਮਨ ਨੂੰ ਮਾਇਆ ਦੇ ਮਾਰਗ ਵੱਲ ਲੈ ਜਾਂਦੇ ਹਨ। ਮਾਇਆ ਅਤੇ ਪਰਮਾਤਮਾ ਦਾ ਪਰਸਪਰ ਵਿਰੋਧ ਹੈ। )

------

ਫ਼ਰੀਦ ਜੀ ਪਰਮਾਤਮਾ ਦੀ ਪ੍ਰਾਪਤੀ ਲਈ ਗਿਆਨ ਦੇ ਮਾਰਗ ਨੂੰ ਤਰਜੀਹ ਦਿੰਦੇ ਸਨ। ਫ਼ਰੀਦ ਸੱਚ, ਨਿਮਰਤਾ, ਖਿਮਾ, ਚੰਗਾ ਆਚਰਣ, ਮਿੱਠਾ ਬੋਲਣ, ਦੁੱਖ-ਸੁੱਖ ਦੀ ਸੰਭਾਵਨਾ ਅਤੇ ਸ਼ਾਂਤੀਵਾਦ ਦੇ ਗ੍ਰਹਿਣ ਅਤੇ ਗੁੱਸੇ, ਸਵੈ ਅਭਿਮਾਨ, ਲਾਲਚ , ਕੁਕਰਮਾਂ ਦੇ ਤਿਆਗ ਅਤੇ ਹਉਮੈ ਨੂੰ ਮਾਰਨ ਉੱਤੇ ਜ਼ੋਰ ਦਿਆ ਕਰਦੇ ਸਨ।

ਫ਼ਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।।

ਗੁਨਨੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।।

-----

ਇੱਕ ਦਫਾ ਫ਼ਰੀਦ ਜੀ ਕਿਸੇ ਹਦਵਾਣਿਆਂ ਦੇ ਵਾੜੇ ਕੋਲੋਂ ਲੰਘ ਰਹੇ ਸਨ। ਰਸਤੇ ਵਿੱਚ ਇੱਕ ਅੱਧ-ਖਾਧੇ ਹਦਵਾਣੇ ਦਾ ਛਿੱਲੜ ਪਏ ਸਨ। ਕੋਈ ਰਾਹਗੀਰ ਉਸ ਉੱਤੋਂ ਫਿਸਲ ਕੇ ਡਿੱਗ ਨਾ ਪਵੇ, ਇਸ ਖ਼ਿਆਲ ਨਾਲ ਫ਼ਰੀਦ ਜੀ ਨੇ ਉਸਨੂੰ ਚੁੱਕ ਕੇ ਪਰੇ ਸੁੱਟ ਦਿੱਤਾ। ਵਾੜੇ ਦੇ ਮਾਲਕ ਨੇ ਆਪਦੇ ਹੱਥਾਂ ਵਿੱਚ ਹਦਵਾਣੇ ਦੀ ਫਾੜੀ ਦੇਖ ਲਈ ਉਹਨੇ ਸਮਝਿਆ ਕਿ ਕੋਈ ਮਤੀਰੇ ਚੋਰੀ ਕਰਕੇ ਖਾ ਰਿਹਾ ਹੈ। ਮਾਲਕ ਨੇ ਆਉਂਦਿਆਂ ਹੀ ਫ਼ਰੀਦ ਜੀ ਨੂੰ ਚੰਗਾ ਮੰਦਾ ਬੋਲਣਾ ਅਤੇ ਦੁਰ-ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਫ਼ਰੀਦ ਜੀ ਬਿਲਕੁੱਲ ਚੁੱਪ ਰਹੇ।

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।।

ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।।

( ਅਰਥ:- ਹੇ ਫ਼ਰੀਦ! ਜੇ ਤੈਨੂੰ ਕੋਈ ਦੁੱਖ ਦਿੰਦਾ ਹੈ ਤਾਂ ਤੂੰ ਵੀ ਜਵਾਬ ਵਿੱਚ ਉਸਨੂੰ ਦੁੱਖੀ ਕਰਨ ਦੀ ਕੋਸ਼ਿਸ਼ ਨਾ ਕਰ, ਸਗੋਂ ਤੇਰੇ ਲਈ ਢੁਕਵਾਂ ਇਹੀ ਹੋਵੇਗਾ ਕਿ ਤੂੰ ਅਜਿਹੇ ਬੁਰੇ ਆਦਮੀ ਦੇ ਘਰ ਜਾ ਕੇ ਨਿਮਰਤਾ ਸਹਿਤ ਉਸਤੋਂ ਖਿਮਾ ਮੰਗੇਂ। )

ਵਾੜੇ ਦੇ ਮਾਲਕ ਦਾ ਗੁੱਸਾ ਠੰਢਾ ਹੋਇਆ ਤੇ ਉਹ ਆਪਣੀ ਗ਼ਲਤੀ ਉੱਪਰ ਪਛਤਾਇਆ। ਉਸਨੇ ਫ਼ਰੀਦ ਜੀ ਕੋਲੋਂ ਹਕੀਕਤ ਨੂੰ ਜਾਨਣ ਬਾਅਦ ਸ਼ਰਮਿੰਦਾ ਹੋ ਕੇ ਮਾਫ਼ੀ ਵੀ ਮੰਗੀ। ਫ਼ਰੀਦ ਜੀ ਨੇ ਉਦੋਂ ਉਪਦੇਸ਼ ਦਿੰਦਿਆਂ ਉਚਾਰਿਆ:

ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਬੁਰੇ ਵਿਅਕਤੀ ਦਾ ਵੀ ਭਲਾ ਕਰੋ ਅਤੇ ਉਸ ਪ੍ਰਤੀ ਆਪਣੇ ਮਨ ਵਿੱਚ ਕਦੇ ਵੀ ਗ਼ੁੱਸੇ ਦੇ ਭਾਵ ਪੈਦਾ ਨਾ ਹੋਣ ਦਿਓ। ਇਸ ਤਰ੍ਹਾਂ ਕੀਤਿਆਂ ਤੁਹਾਡਾ ਤਨ ਤੇ ਮਨ ਰੋਗਾਂ ਤੋਂ ਮੁਕਤ ਰਹੇਗਾ ਅਤੇ ਤੁਹਾਨੂੰ ਸਾਰੀਆਂ ਨਿਆਮਤਾਂ ਵੀ ਪ੍ਰਾਪਤ ਹੋ ਜਾਣਗੀਆਂ। )

-----

ਬੜੀ ਦੂਰ-ਦਰਾਡਿਉਂ ਅਜੋਧਨ ਵਿੱਚ ਕੋਈ ਮੁਸਾਫ਼ਿਰ ਆਇਆ। ਉਸਨੇ ਅਜੋਧਨ ਵਾਸੀਆਂ ਤੋਂ ਪਹੁੰਚੇ ਹੋਏ ਫ਼ਕੀਰ ਦਾ ਸਿਰਨਾਵਾਂ ਪੁੱਛਿਆ। ਅਜੋਧਨ ਵਾਸੀ ਨੇ ਉਸ ਵਿਅਕਤੀ ਨੂੰ ਫ਼ਰੀਦ ਜੀ ਦੀ ਕੁਲੀ ਅੱਗੇ ਲਿਜਾ ਕੇ ਖੜ੍ਹਾ ਕਰ ਦਿੱਤਾ ਤੇ ਕਿਹਾ ਕਿ ਇਹ ਹੀ ਤੁਹਾਡੀ ਮੰਜ਼ਿਲ ਹੈ। ਉਹ ਵਿਅਕਤੀ ਕੱਚੀ ਕੁਲੀ ਵੱਲ ਹੈਰਾਨੀ ਨਾਲ ਦੇਖਣ ਲੱਗਾ। ਉਹ ਸ਼ਖ਼ਸ ਅਜੋਧਨ ਵਾਸੀ ਤੇ ਯਕੀਨ ਕਰਕੇ ਮਜਬੂਰਨ ਅੰਦਰ ਚਲਾ ਗਿਆ ਤੇ ਜਾਣ ਸਾਰ ਹੀ ਓਹਨੀਂ ਪੈਰੀਂ ਪਿਛੇ ਮੁੜ ਆਇਆ। ਬਾਹਰ ਆਉਂਦਿਆਂ ਹੀ ਆਖਣ ਲੱਗਾ, “ਤੁਸੀ ਮੇਰੇ ਨਾਲ ਚੰਗਾ ਮਜ਼ਾਕ ਕੀਤਾ ਹੈ। ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਜੁਆਬ ਦੇ ਦਿੰਦੇ। ਮੈਂ ਕਿਸੇ ਹੋਰ ਤੋਂ ਪੁੱਛ ਲੈਂਦਾ। ਮੈਨੂੰ ਇਸ ਗ਼ਰੀਬ ਦੀ ਕੁਲੀ ਵਿੱਚ ਕਿਉਂ ਵਾੜ ਦਿੱਤੈ। ਮੈਂ ਤਾਂ ਤੁਹਾਡੇ ਕੋਲੋਂ ਵਲੀ ਅੱਲਾ ਜਿਹੜਾ ਇਸ ਵੇਲੇ ਬਾਈਆਂ ਕੁਤਬਾਂ ਵਿੱਚੋਂ ਚੋਟੀ ਦਾ ਪੀਰ ਹੈ, ਉਸ ਨਾਲ ਮਿਲਵਾਉਣ ਲਈ ਕਿਹਾ ਸੀ।

ਅਯੋਧਨ ਵਾਸੀ ਹੱਸ ਪਿਆ, ਉਹ ਜਾਣ ਗਿਆ ਸੀ ਕਿ ਇਸ ਸ਼ਰਧਾਲੂ ਦੇ ਮਨ ਵਿੱਚ ਵੀ ਇਹ ਭਰਮ ਹੈ ਕਿ ਸ਼ੇਖ਼ ਫ਼ਰੀਦ ਰੇਸ਼ਮੀ ਲਿਬਾਸ ਪਹਿਨੀ, ਸੋਨੇ ਦਾ ਕਾਸਾ ਹੱਥ ਵਿੱਚ ਲਈ, ਸਿਰ ਤੇ ਸ਼ਾਨਦਾਰ ਦਸਤਾਰ ਸਜਾਈ, ਕਿਸੇ ਵੱਡੇ ਮਹਿਲ ਵਿੱਚ ਵਸਦਾ ਹੋਵੇਗਾ। ਉਸ ਵਾਸੀ ਨੇ ਮੁਸਾਫ਼ਿਰ ਨੂੰ ਆਖਿਆ, “ਤੁਹਾਡਾ ਕੋਈ ਦੋਸ਼ ਨਹੀਂ। ਕਿਸੇ ਅਣਜਾਣ ਵਿਅਕਤੀ ਲਈ ਫ਼ਰੀਦ ਨੂੰ ਪਹਿਚਾਨਣਾ ਅਸਾਨ ਨਹੀਂ। ਕਿਉਂਕਿ ਫ਼ਰੀਦ ਜੀ ਗ਼ਰੀਬੀ ਜੀਵਨ ਬਤੀਤ ਕਰਦੇ ਹਨ। ਬਾਜਰੇ ਦੀਆਂ ਖ਼ੁਸ਼ਕ ਰੋਟੀਆ ਨਾਲ ਹੀ ਪੇਟ ਦੀ ਭੁੱਖ ਨੂੰ ਝੁਲਕਾ ਦੇ ਲੈਂਦੇ ਹਨ।”:-

ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁਖ।।

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਮੇਰੀ ਰੋਟੀ ਭਾਵੇਂ ਸੁੱਕੀ ਹੋਈ ਹੈ,ਪਰੰਤੂ ਇਹੋ ਮੇਰੀ ਭੁੱਖ ਨੂੰ ਸ਼ਾਂਤ ਕਰ ਸਕਦੀ ਹੈ। ਜਿਹੜੇ ਇਨਸਾਨ ਚੋਪੜੀਆਂ ਰੋਟੀਆਂ ਦੀ ਖ਼ਾਹਿਸ਼ ਕਰਦੇ ਹਨ, ਉਹਨਾਂ ਦੀ ਭੁੱਖ ਸਗੋਂ ਹੋਰ ਵਧਦੀ ਹੈ, ਨੀਤ ਖ਼ਰਾਬ ਹੋ ਜਾਂਦੀ ਹੈ ਅਤੇ ਅੰਤ ਅਜਿਹੇ ਭੈੜੀ ਨੀਤ ਵਾਲਿਆਂ ਨੂੰ ਬਹੁਤੇ ਦੁੱਖ ਸਹਿਣੇ ਪੈਂਦੇ ਹਨ।)

ਭਾਵੇ ਫ਼ਰੀਦ ਜੀ ਨੂੰ ਲੋਕ ਅਨੇਕਾਂ ਵਸਤਾਂ ਭੇਂਟ ਕਰਦੇ ਸਨ। ਪਰ ਉਹ ਸਭ ਲੋੜਮੰਦਾਂ ਵਿੱਚ ਤਕਸੀਮ ਕਰ ਦਿੰਦੇ ਸਨ। ਇਹ ਸਭ ਸੁਣ ਕੇ ਉਸ ਅਜਨਬੀ ਦੇ ਹਿਰਦੇ ਵਿੱਚ ਸ਼ੇਖ਼ ਫ਼ਰੀਦ ਲਈ ਸ਼ਰਧਾ ਹੋਰ ਵੱਧ ਗਈ।

-----

ਇੱਕ ਹੋਰ ਸਾਖੀ ਮੁਤਾਬਿਕ ਇੱਕ ਵਾਰ ਕਿਸੇ ਸ਼ਰਧਾਲੂ ਨੇ ਫ਼ਰੀਦ ਜੀ ਨੂੰ ਇੱਕ ਸੋਨੇ ਦੀ ਕੈਂਚੀ ਭੇਟ ਕਰਨੀ ਚਾਹੀ ਤਾਂ ਉਹਨਾਂ ਨੇ ਫਰਮਾਇਆ ਕਿ ਮੈਨੂੰ ਕੈਂਚੀ ਦੀ ਨਹੀਂ, ਲੋਹੇ ਦੀ ਸੂਈ ਦੀ ਜ਼ਰੂਰਤ ਹੈ। ਕੈਂਚੀ ਹਮੇਸ਼ਾਂ ਨਖੇੜਦੀ ਹੈ ਜਦੋਂ ਕਿ ਸੂਈ ਜੋੜਨ ਦਾ ਕੰਮ ਕਰਦੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਮੇਰੇ ਕੋਲੋਂ ਕਦੇ ਕੁਝ ਟੁੱਟੇ ਨਾ ਸਦਾ ਕੁੱਝ ਨਾ ਕੁਝ ਜੋੜਦਾ ਹੀ ਰਹਾਂ।

-----

ਸੂਫ਼ੀਵਾਦ ਦਾ ਪ੍ਰਚਾਰ ਕਰਦੇ ਸਮੇਂ ਬਹੁਤ ਸਾਰੇ ਲੋਕ ਫ਼ਰੀਦ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਮੁਰੀਦ ਬਣ ਗਏ ਸਨ। ਉਸ ਵਕਤ ਦੇ ਪ੍ਰਸਿਧ ਕਬੀਲੇ ਜਿਵੇਂ ਸਿਆਲ, ਸਰਹੰਗਵਾਲ, ਬਹਿਲੋ, ਝੱਖੜਵਾਲ, ਬਹਿਕ, ਹੱਕ ਸਿਆ, ਖੋਖਰ, ਢੱਡੇ ਤੇ ਟੋਬੇ ਆਦਿ ਜੋ ਝੰਗ ਤੇ ਸ਼ਾਹਕੋਟ ਜ਼ਿਲ੍ਹਿਆਂ ਵਿੱਚ ਅੱਜ ਵੀ ਫੈਲੇ ਹੋਏ ਹਨ ਫ਼ਰੀਦ ਜੀ ਨੂੰ ਵਿਸ਼ੇਸ਼ ਆਦਰ ਮਾਣ ਦਿਆ ਕਰਦੇ ਸਨ। ਸੂਫੀਵਾਦ ਦੇ ਪਰਸਾਰ ਲਈ ਫ਼ਰੀਦ ਜੀ ਦੇ ਪਾਏ ਯੋਗਦਾਨ ਦਾ ਜ਼ਿਕਰ ਕਰਦਾ ਹੋਇਆ ਹਿਮਿਲਟਨ ਗਿਬ ਲਿਖਦਾ ਹੈ ਕਿ “Sheikh Farid is a seminal personality in the development of Islamic Mystical movement in India”

------

ਅਯੋਧਨ ਹੀ ਫ਼ਰੀਦ ਜੀ ਦੀ ਆਯੂ ਪੰਚੀ ਸਾਲ ਦੀ ਹੋ ਗਈ ਸੀ। ਇੱਥੋਂ ਹੀ ਉਹ ਸ਼ੇਖ਼ ਸ਼ਹਾਬ-ਉਦ-ਦੀਨ ਸੁਹਰਵਾਦੀ (ਜਨਮ,ਜਨਵਰੀ,1145 ਤੇ ਦਿਹਾਂਤ ਸਤੰਬਰ 26,1234) ਪਾਸ ਜਾਣ ਇੱਛਾ ਨਾਲ ਬਗ਼ਦਾਦ ਜਾਂਦੇ ਸਮੇਂ ਰਾਹ ਵਿੱਚ ਬੁਖ਼ਾਰਾ ਵਿਖੇ ਇੱਕ ਪੁੱਜੇ ਫ਼ਕੀਰ ਅਜ਼ਬ ਸ਼ੇਰਾਜ਼ੀ ਕੋਲ ਚਲੇ ਗਏ। ਸ਼ੇਰਾਜੀ ਨੇ ਫ਼ਰੀਦ ਜੀ ਨੂੰ ਦੇਖਦੇ ਨੇਕ ਆਦਮੀ, ਨੇਕ ਆਦਮੀ ਦਾ ਨਾਅਰਾ ਲਾਉਣਾ ਸ਼ੁਰੂ ਕਰ ਦਿੱਤਾ।

-----

ਕੁਝ ਦਿਨ ਫ਼ਰੀਦ ਜੀ ਨੇ ਸ਼ੇਰਾਜ਼ੀ ਦੀ ਚਰਨ ਬੋਸੀ ਕੀਤੀ। ਆਪ ਅਜ਼ਲ ਸ਼ੇਰਾਜ਼ੀ ਦੇ ਉਪਦੇਸ਼ਾਂ ਤੋਂ ਕਾਫ਼ੀ ਮੁਤਾਸਿਰ ਹੋਏ। ਉਹ ਕਿਹਾ ਕਰਦੇ ਸਨ ਕਿ ਫ਼ਕੀਰ ਨੂੰ ਮੋਹ ਮਾਇਆ ਦਾ ਤਿਆਗ ਅਤੇ ਦੌਲਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

-----

ਫ਼ਰੀਦ ਜੀ ਨੂੰ ਬਗ਼ਦਾਦ ਵਿਖੇ ਹੀ ਹਜ਼ਰਤ ਕਿਰਮਾਨੀ ਦੇ ਦਰਸ਼ਨ ਵੀ ਹੋਏ ਸਨ। ਫ਼ਰੀਦ ਜੀ ਉਹਨਾਂ ਨਾਲ ਸੀਸਤਾਨ ਵੀ ਗਏ। ਬਗ਼ਦਾਦ ਵਿੱਚ ਫ਼ਰੀਦ ਜੀ ਨੂੰ ਸੁਹਰਾਵਰਦੀ, ਜਲਾਲ-ਉਦ-ਦੀਨ ਤਬਰੇਜ਼ੀ, ਵਹੀ-ਉਦ-ਦੀਨ ਵਰਗੇ ਮੁਰਸ਼ਦਾਂ ਦੀ ਸੰਗਤ ਪ੍ਰਾਪਤ ਹੋਈ ਸੀ। ਇਥੇ ਹੀ ਫ਼ਰੀਦ ਜੀ ਨੇ ਅਵਾਰਫ-ਉਅ-ਮਾਅਰਫ (ਜਿਸ ਨੂੰ ਹਕੀਕ ਵੀ ਕਹਿੰਦੇ ਹਨ) ਨਾਮੀ ਪੁਸਤਕ ਦਾ ਅਧਿਐਨ ਵੀ ਕੀਤਾ।

-----

ਕਾਕੀ ਜੀ ਵੱਲੋਂ ਫ਼ਰੀਦ ਜੀ ਨਾਲ ਸ਼ਾਦੀ ਦੀ ਜ਼ਿਕਰ ਛੇੜੇ ਜਾਣ ਤੇ ਫ਼ਰੀਦ ਜੀ ਅਕਸਰ ਖ਼ਾਮੋਸ਼ ਹੋ ਜਾਇਆ ਕਰਦੇ ਸਨ। ਪਰ ਇੱਕ ਵਾਰੀ ਕਾਕੀ ਜੀ ਨੇ ਫ਼ਰੀਦ ਜੀ ਨੂੰ ਵਿਆਹ ਦੇ ਸੰਦਰਭ ਵਿੱਚ ਪ੍ਰਸ਼ਨ ਕਰ ਹੀ ਲਿਆ ਤਾਂ ਫ਼ਰੀਦ ਜੀ ਆਖਣ ਲੱਗੇ, “ਖ਼ੌਫਜ਼ਦਾ ਹਾਂ ਕਿ ਜੇ ਔਲਾਦ ਅਲਾਹ ਦਾ ਸਿਮਰਨ ਕਰਨ ਵਾਲੀ ਨਾ ਹੋਈ ਤਾਂ ਖ਼ੁਦਾ ਪਾਸ ਕਿਹੜਾ ਮੂੰਹ ਲੈ ਕੇ ਜਾਵਾਂਗਾ?”

ਇਹ ਸੁਣ ਕੇ ਖ਼ਵਾਜਾ ਸਾਹਿਬ ਨੇ ਫ਼ਰੀਦ ਜੀ ਨੂੰ ਸਮਝਾਇਆ-ਬੁਝਾਇਆ ਤੇ ਨਿਕਾਹ ਵਾਸਤੇ ਇਹ ਕਹਿ ਕੇ ਰਾਜ਼ੀ ਕੀਤਾ ਕਿ ਅਗਰ ਨੇਕ ਔਲਾਦ ਹੋਈ ਤਾਂ ਤੁਹਾਡੀ ਤੇ ਜੇ ਬੁਰੀ ਹੋਈ ਤਾਂ ਉਸਨੂੰ ਜਾਂ ਅੱਲਾਹ ਜਾਣੇ ਜਾਂ ਅਸੀਂ ਸਮਝੀਏ। ਉਸ ਤੋਂ ਕੁੱਝ ਚਿਰ ਬਾਅਦ ਫ਼ਰੀਦ ਜੀ ਦੀ ਸ਼ਾਦੀ ਅਲਗ ਖ਼ਾਨ ਸਿਪਾਹ-ਸਲਾਰ ਦੀ ਲੜਕੀ ਨਾਲ ਹੋਈ। ਬਾਅਦ ਵਿੱਚ ਅਲਗ ਖ਼ਾਨ ਹੀ ਬਾਦਸ਼ਾਹ ਬਲਬਨ ਬਣਿਆ ਤੇ ਪ੍ਰਸਿੱਧ ਹੋਇਆ।

------

ਫ਼ਰੀਦ ਦੇ ਪੰਜ ਪੁੱਤਰ ਅਤੇ ਤਿੰਨ ਧੀਆਂ ਸਨ। ਸਭ ਤੋਂ ਵੱਡਾ ਪੁੱਤਰ ਨਸੀਰੁਦੀਨ ਰੱਬ ਦਾ ਭਗਤ ਬੰਦਾ ਸੀ, ਜੋ ਬਹੁਤਾ ਸਮਾਂ ਪੂਜਾ-ਪਾਠ ਕਰਦਿਆਂ ਬਤੀਤ ਕਰਦਾ। ਪਰੰਤੂ ਉਪਜੀਵਕਾ ਕਮਾਉਣ ਲਈ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਨਸੀਰੁਦੀਨ ਦਾ ਪੁੱਤਰ ਸ਼ੇਖ਼ ਕਮਾਲਉਦ ਦੀਨ ਵੀ ਇੱਕ ਬੜਾ ਪ੍ਰਸਿੱਧ ਫ਼ਕੀਰ ਬਣ ਗਿਆ ਸੀ। ਦੂਜਾ ਪੁੱਤਰ ਸ਼ਹਾਬੁਦੀਨ, ਸ਼ੇਖ ਨਿਜਾਮੁਦੀਨ ਔਲੀਆ ਦਾ ਬੜਾ ਕਰੀਬੀ ਸਾਥੀ ਰਿਹਾ ਸੀ। ਤੀਜਾ ਬਦਰੁਦੀਨ ਸੁਲੇਮਾਨ ਚਿਸ਼ਤੀ ਖ਼ਲੀਫ਼ੇ ਵਜੋਂ ਮਸ਼ਹੂਰ ਹੋਇਆ। ਉਸਦਾ ਪੁੱਤਰ ਸ਼ੇਖ਼ ਅਲਾਉਦੀਨ ਵੀ ਸੁਲਤਾਨ ਅਲਾਉਦੀਨ ਖਿਲਜੀ ਦੇ ਜ਼ਮਾਨੇ ਵਿੱਚ ਇੱਕ ਵੱਡਾ ਸੂਫ਼ੀ ਫ਼ਕੀਰ ਬਣ ਚੁੱਕਾ ਸੀ। ਉਸਦੀ ਸ਼ੁਹਰਤ ਸੀਰੀਆ ਅਤੇ ਮਿਸਰ ਤੱਕ ਪਹੁੰਚ ਗਈ ਸੀ। ਸੁਲਤਾਨ ਮਹਿਮੂਦ ਬਿਨ ਤੁਗਲਕ ਉਸਦਾ ਮੁਰੀਦ ਸੀ। ਫ਼ਰੀਦ ਜੀ ਵਾਂਗ ਹੀ ਸ਼ੇਖ਼ ਅਲਾਉਦੀਨ ਨੇ ਵੀ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਬੰਦਗੀ ਵਿੱਚ ਬਸਰ ਕੀਤੀ। ਫ਼ਰੀਦ ਜੀ ਆਪਣੇ ਚੌਥੇ ਪੁੱਤਰ ਨਿਜ਼ਾਮੁਦੀਨ ਨੂੰ ਬਹੁਤ ਲਾਡ ਕਰਦੇ ਸਨ। ਪਰੰਤੂ ਉਸਨੇ ਫ਼ਕੀਰ ਬਣਨ ਦੀ ਬਜਾਏ ਸਿਪਾਹੀ ਦਾ ਜੀਵਨ ਜਿਉਣ ਨੂੰ ਤਰਜੀਹ ਦਿੱਤੀ ਤੇ ਬਲਬਨ ਦੀ ਫ਼ੌਜ ਵਿੱਚ ਭਰਤੀ ਹੋ ਗਿਆ। ਜਦੋਂ ਮੁਗਲਾਂ ਨੇ ਅਯੋਧਨ ਉੱਤੇ ਹਮਲਾ ਕੀਤਾ ਤਾਂ ਆਪਣੇ ਵਤਨ ਦੀ ਰਾਖੀ ਲਈ ਲੜਦਾ ਸ਼ਹੀਦ ਹੋ ਗਿਆ। ਪੰਜਵਾਂ ਪੁੱਤਰ ਸ਼ੇਖ਼ ਯਾਕੂਬ ਇੱਕ ਮਾਮੂਲੀ ਸੂਫ਼ੀ ਫ਼ਕੀਰ ਸੀ ਅਤੇ ਉਸਦੇ ਜੀਵਨ ਬਾਰੇ ਕੋਈ ਬਹੁਤਾ ਵੇਰਵਾ ਨਹੀਂ ਲੱਭਦਾ। ਫ਼ਰੀਦ ਜੀ ਦੀਆਂ ਧੀਆਂ ਵਿਚੋਂ ਬੀਬੀ ਸ਼ਰੀਫਾ ਸਭ ਤੋਂ ਵੱਡੀ ਸੀ। ਉਹ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਉਸਨੇ ਦੁਬਾਰਾ ਵਿਆਹ ਨਹੀਂ ਸੀ ਕਰਵਾਇਆ ਅਤੇ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਵਿੱਚ ਹੰਢਾਈ। ਫ਼ਰੀਦ ਜੀ ਦੀ ਇੱਛਾ ਸੀ ਕਿ ਜੇ ਇਸਤਰੀਆਂ ਨੂੰ ਖ਼ਲੀਫ਼ਾ ਬਣਨ ਦਾ ਹੱਕ ਹੁੰਦਾ ਤਾਂ ਉਹ ਬੀਬੀ ਸ਼ਰੀਫਾ ਨੂੰ ਆਪਣਾ ਖ਼ਲੀਫ਼ਾ ਜ਼ਰੂਰ ਬਣਾਉਂਦੇ। ਫ਼ਰੀਦ ਜੀ ਦੀ ਦੂਜੀ ਧੀ ਬਾਰੇ ਵੀ ਕੋਈ ਖ਼ਾਸ ਜਾਣਕਾਰੀ ਉਪਲਬਧ ਨਹੀਂ ਹੈ। ਤੀਜੀ ਧੀ ਮੁਰੀਦ ਬਦਰੁਦੀਨ ਇਸਹਾਕ ਨਾਲ ਵਿਆਹੀ ਹੋਈ ਸੀ।

-----

ਸ਼ੇਖ਼ ਜ਼ਿਆ-ਉਦ-ਦੀਨ ਜਦੋਂ ਫ਼ਰੀਦ ਜੀ ਨੂੰ ਮਿਲਣ ਆਏ ਤਾਂ ਉਹ ਬੜੇ ਘੁੱਟੇ-ਘੁੱਟੇ ਬੈਠੇ ਸਨ। ਉਹਨਾਂ ਨੂੰ ਡਰ ਸੀ ਕਿ ਕਿਧਰੇ ਫ਼ਰੀਦ ਜੀ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦਾ ਤਵਾ ਹੀ ਨਾ ਲਾਉਣ ਲੱਗ ਜਾਣ। ਲੇਕਿਨ ਫ਼ਰੀਦ ਜੀ ਨੇ ਵੈਸੇ ਕੁਝ ਨਾ ਕੀਤਾ ਤੇ ਸ਼ੇਖ਼ ਸਾਹਿਬ ਦਾ ਦਿਲ ਜਿੱਤ ਲਿਆ।

-----

ਇੱਕ ਵਾਰ ਕਿਸੇ ਮੁਰੀਦ ਨੇ ਫ਼ਰੀਦ ਜੀ ਤੋਂ ਸੁਲਤਾਨ ਬਲਬਨ ਵੱਲ ਸਿਫ਼ਾਰਿਸ਼ੀ ਚਿੱਠੀ ਮੰਗੀ ਤਾਂ ਆਪ ਨੇ ਬਲਬਨ ਨੂੰ ਲਿਖਿਆ, “ਜੇ ਇਸਦਾ ਕੰਮ ਕਰ ਦੇਵੇਂਗਾ ਤਾਂ ਅਸਲ ਵਿੱਚ ਕੰਮ ਅੱਲਾਹ ਵਲੋਂ ਹੀ ਹੋਵੇਗਾ ਤੇ ਤੁਸੀਂ ਧੰਨਵਾਦ ਦੇ ਪਾਤਰ ਹੋਵੋਂਗੇ। ਜੇ ਕੰਮ ਨਾ ਕੀਤਾ ਰੁਕਾਵਟ ਵੀ ਅਲਾਹ ਵਲੋਂ ਹੀ ਹੋਵੇਗੀ ਤੇ ਤੁਸੀਂ ਅਸਮਰੱਥ ਸਮਝੇ ਜਾਉਂਗੇ।

-----

ਇੱਕ ਦਫ਼ਾ ਫ਼ਰੀਦ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਚਾਰ ਮੁੱਢਲੇ ਸਵਾਲਾਂ ਦਾ ਜੁਆਬ ਵੱਖ-ਵੱਖ ਸੌ ਦਰਵੇਸ਼ਾਂ ਕੋਲੋਂ ਪੁੱਛਿਆ ਜਾਵੇ ਤਾਂ ਕਿ ਲੋਕਾਂ ਦਾ ਰਾਹ ਸੁਖਾਲਾ ਹੋਵੇ। ਆਪ ਹੈਰਾਨ ਹੋਏ ਕਿ ਹਰ ਦਰਵੇਸ਼ ਨੇ ਇੱਕੋ ਜਿਹਾ ਹੀ ਜਵਾਬ ਦਿੱਤਾ। ਉਹ ਚਾਰ ਪ੍ਰਸ਼ਨ ਇਹ ਨਿਮਨ ਲਿਖਤ ਸਨ:-

ਪਹਿਲਾ: ਸਭ ਤੋਂ ਅਕਲਮੰਦ ਕੌਣ ਹੈ?

ਉੱਤਰ: ਤਿਆਗੀ

.........

ਦੂਜਾ: ਸਭ ਤੋਂ ਵੱਡਾ ਕੌਣ ਹੈ?

ਜੁਆਬ: ਜੋ ਦੁੱਖ ਸੁੱਖ ਸਮਾਨ ਕਰਕੇ ਜਾਣਦਾ ਹੈ।

...............

ਤੀਜਾ: ਸਭ ਤੋਂ ਅਮੀਰ ਕੌਣ ਹੈ?

ਉੱਤਰ: ਸੰਤੋਖੀ।

.........

ਚੌਥਾ: ਗ਼ਰੀਬ ਕੌਣ ਹੈ।

ਉੱਤਰ: ਹਿਰਸੀ ਜਾਂ ਤ੍ਰਿਸ਼ਨਾਲੂ

-----

ਫ਼ਰੀਦ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਘੁੰਮ ਫਿਰ ਕੇ ਬਾਣੀ ਦਾ ਪ੍ਰਚਾਰ ਕੀਤਾ। ਉਹ ਹਿੰਦੁਸਤਾਨ ਵਿੱਚ ਦਿੱਲੀ, ਅਜਮੇਰ ਸ਼ਰੀਫ਼, ਰਜਬਪੁਰ, ਬਦਾਯੂੰ, ਹਾਂਸੀ, ਫ਼ਰੀਦਕੋਟ, ਲਾਹੌਰ, ਦੀਪਾਲਪੁਰ ਅਤੇ ਚੱਕ ਦੀਵਾਨ ਸਮੇਤ ਬਹੁਤ ਸਾਰੇ ਸ਼ਹਿਰਾਂ ਵਿੱਚ ਗਏ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਆਪ ਨੇ ਮੱਕਾ, ਮਦੀਨਾ, ਬਗ਼ਦਾਦ, ਬੁਖ਼ਾਰਾ, ਸੀਸਤਾਨ, ਬਦਖਸ਼ਾ, ਕਰਮਾਨ, ਕੰਧਾਰ ਅਤੇ ਗਜਨੀ ਆਦਿ ਸ਼ਹਿਰਾਂ ਦਾ ਫੇਰਾ ਵੀ ਲਾਇਆ।

-----

ਫ਼ਰੀਦ ਜੀ ਅਰਬੀ, ਫ਼ਾਰਸੀ, ਉਰਦੂ, ਹਿੰਦੀ ਅਤੇ ਪੰਜਾਬੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ। ਆਪ ਆਪਣੇ ਵਿਰਦ ਵਜ਼ੀਫਿਆਂ (ਰੱਬ ਦੀ ਬੰਦਗੀ) ਅਤੇ ਸੁਨੇਹੇ ਪੱਤਰਾਂ ਲਈ ਪੰਜਾਬੀ ਹੀ ਇਸਤੇਮਾਲ ਕਰਿਆ ਕਰਦੇ ਸਨ। ਬਹਾਉਦੀਨ ਜ਼ਿਕਰੀਆ ਨਾਲ ਫ਼ਰੀਦ ਜੀ ਦਾ ਖ਼ਿਆਲੀ ਮਤਭੇਦ ਹੋਣ ਤੇ ਵੀ ਅਕਸਰ ਉਹਨਾਂ ਦਾ ਪੱਤਰ ਵਿਹਾਰ ਚਲਦਾ ਰਹਿੰਦਾ ਹੁੰਦਾ ਸੀ। ਮੋਹ ਪਿਆਰ ਦੇ ਰਿਸ਼ਤੇ ਦੀ ਮਜ਼ਬੂਤੀ ਲਈ ਬਹਾਉਦੀਨ ਫ਼ਰੀਦ ਜੀ ਨੂੰ ਤੁਹਫੇ ਵੱਜੋਂ ਮੁਲਤਾਨੋਂ ਗਾਜਰਾਂ ਭੇਜਦੇ ਹੁੰਦੇ ਸਨ ਤੇ ਉਹਨਾਂ ਦੇ ਵੱਟੇ ਫ਼ਰੀਦ ਜੀ ਬਹਾਉਦੀਨ ਨੂੰ ਬੇਰ ਘੱਲਦੇ ਹੁੰਦੇ ਸਨ। ਇੱਕ ਵਾਰ ਬਹਾਉਦੀਨ ਗਾਜਰਾਂ ਭੇਜਣੀਆਂ ਭੁੱਲ ਗਏ ਤਾਂ ਉਹਨਾਂ ਨੂੰ ਯਾਦ ਕਰਵਾਉਣ ਲਈ ਫ਼ਰੀਦ ਜੀ ਨੇ ਇਹ ਸ਼ੇਅਰ ਲਿਖ ਭੇਜਿਆ:-

ਹਥੜੀਂ ਵਟੋਂ ਹਥੜੇ, ਪੈਂਰਾਂ ਵਟੋਂ ਪੈਰ

ਤੁਸਾਂ ਨਾ ਮੁਤੀਆਂ ਗਾਜਰਾਂ, ਅਸਾਂ ਨਾ ਮੁੱਤੇ ਬੇਰ।

-----

ਫ਼ਰੀਦ ਜੀ ਦੀ ਬਾਣੀ ਵਿੱਚ ਹਉਮੈ ਨੂੰ ਮਾਰਨ , ਖਿਮਾ ਕਰਨ, ਸਬਰ-ਸੰਤੋਖ ਧਾਰਣ ਕਰਣ ਅਤੇ ਮਿੱਠਾ ਬੋਲਣ ਉੱਤੇ ਵਾਰ ਵਾਰ ਜ਼ੋਰ ਦਿੱਤਾ ਗਿਆ ਹੈ। ਨਿੰਦਿਆ ਚੁਗਲੀ ਦੀ ਤਾਂ ਫ਼ਰੀਦ ਜੀ ਸਖ਼ਤ ਮੁਖ਼ਾਲਿਫ਼ਤ ਕਰਦੇ ਸਨ। ਉਹਨਾਂ ਦੀ ਬਾਣੀ ਵਿੱਚੋਂ ਉਹਨਾਂ ਦੀ ਨਿਮਰਤਾ ਦੀਆਂ ਅਨੇਕਾਂ ਮਿਸਾਲਾਂ ਮਿਲਦੀਆ ਹਨ। ਜਿਵੇ:-

ਫ਼ਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ।।

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ।।

( ਅਰਥ:- ਫ਼ਰੀਦ ਜੀ ਉਚਾਰਦੇ ਹਨ ਕਿ ਮਿੱਟੀ ਨੂੰ ਐਵੇਂ ਨਾ ਸਮਝੋ। ਇਹ ਬੜੀ ਮਹਾਨ ਹੈ ਅਤੇ ਇਸ ਵਰਗਾ ਹੋਰ ਕੋਈ ਨਹੀਂ ਹੈ। ਅੱਜ ਜਿਹੜੀ ਮਿੱਟੀ ਪੈਰਾਂ ਹੇਠ ਰੁਲਦੀ ਪ੍ਰਤੀਤ ਹੁੰਦੀ ਹੈ, ਮੌਤ ਪਿੱਛੋਂ ਇਹੀ ਮਿੱਟੀ ਸਾਡਾ ਕੱਜਣ ਬਣੇਗੀ।)

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਤੀਜਾ ਜ਼ਰੂਰ ਪੜ੍ਹੋ ਜੀ।

No comments:

Post a Comment