ਲੇਖ – ਭਾਗ ਪਹਿਲਾ
ਇਤਿਹਾਸ ਗਵਾਹ ਹੈ ਜਦੋਂ ਕਦੇ ਵੀ ਅੱਤਿਆਚਾਰ, ਕੁਕਰਮ, ਪਾਪ, ਜ਼ੁਲਮ-ਜਬਰ ਵਧੇ ਹਨ, ਬਦੀਆਂ ਨੇਕੀਆਂ ’ਤੇ ਹਾਵੀ ਹੋਈਆਂ ਹਨ, ਸ਼ਾਤੀ ਭੰਗ ਹੋ ਕੇ ਅਸ਼ਾਂਤੀ ਵਧਣ ਫੁੱਲਣ ਲੱਗੀ ਹੈ, ਪਰਮਾਤਮਾ ਨੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ, ਫ਼ਕੀਰ, ਔਲ਼ੀਏ ਭਾਵ ਕਿ ਕਿਸੇ ਮਹਾਨ ਸ਼ਖ਼ਸੀਅਤ ਨੂੰ ਸ਼ਾਂਤੀ ਦੂਤ ਬਣਾ ਕੇ ਅਮਨ ਦੀ ਸਥਾਪਨਾ ਕਰਨ ਅਤੇ ਕੁਰਾਹੇ ਪਈ ਖ਼ਲਕਤ ਦਾ ਮਾਰਗ ਦਰਸ਼ਨ ਕਰਨ ਲਈ ਧਰਤੀ ’ਤੇ ਭੇਜਿਆ ਹੈ। ਬਾਬਾ ਸ਼ੇਖ ਫ਼ਰੀਦ ਜੀ ਵੀ ਇੱਕ ਅਜਿਹੀ ਹੀ ਮਹਾਨ ਆਤਮਾ ਸਨ, ਜੋ ਸ਼ਾਂਤੀ ਦਾ ਪੈਗ਼ਾਮ ਵੰਡਣ ਇਸ ਦੁਨੀਆਂ ’ਤੇ ਆਏ। ਇਸੇ ਲਈ ਸ਼੍ਰ: ਜਗਮੋਹਨ ਸਿੰਘ ਬਰਾੜ ਨੇ ਫ਼ਰੀਦ ਜੀ ਨੂੰ “ਪ੍ਰੇਮ ਅਤੇ ਏਕਤਾ ਦਾ ਚਾਨਣ ਮੁਨਾਰਾ” ਆਖਿਆ ਹੈ।
-----
ਜਿਸ ਕਾਲ ਵਿੱਚ ਉਹ ਵਿਚਰੇ ਉਸ ਵੇਲੇ ਵੀ ਸਮਾਜਿਕ, ਰਾਜਨੀਤਿਕ ਅਤੇ ਸਾਂਸਕ੍ਰਿਤਕ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ। ਸ਼ੇਖ਼ ਫ਼ਰੀਦ ਜੀ ਬਾਰ੍ਹਵੀਂ ਸਦੀ ਵਿੱਚ ਵਿਚਰੇ ਜਦੋਂ ਮੌਲਵੀਆਂ, ਉਲਮਾਂ ਅਤੇ ਕਾਜ਼ੀਆਂ ਦਾ ਬੋਲਬਾਲਾ ਅਤੇ ਕੱਟੜਪੰਥੀਆਂ ਦਾ ਜ਼ੋਰ-ਜਬਰ ਚਲਦਾ ਸੀ। ਹਿੰਦੁਸਤਾਨ ਵਿੱਚ ਮੁਸਲਮਾਨਾਂ ਦਾ ਰਾਜ ਅਜੇ ਸੱਜਰਾ ਹੀ ਸਥਾਪਿਤ ਹੋਇਆ ਸੀ। ਮੁਸਲਮਾਨਾਂ ਵਿੱਚ ਆਪਣੇ ਮਜ਼ਹਬ ਦੀਆਂ ਸ਼ਾਖਾਵਾਂ ਨੂੰ ਫੈਲਾਉਣ ਦੀ ਹਵਸ ਸੀ। ਉਹ ਆਪਣੇ ਧਰਮ ਨੂੰ ਦੂਜੇ ਧਰਮਾਂ ਦੀ ਤੁਲਨਾ ਵਿੱਚ ਸਰਵਉਤਮ ਖ਼ਿਆਲ ਕਰਦੇ ਸਨ। ਉਹ ਚਾਹੁੰਦੇ ਸਨ ਕਿ ਸਾਰੇ ਸੰਤ-ਫ਼ਕੀਰ ਆਪਣੇ ਪ੍ਰਚਾਰ ਦੁਆਰਾ ਇਸਲਾਮ ਨੂੰ ਸਰਵਸ਼੍ਰੇਸ਼ਠ ਧਰਮ ਸਿੱਧ ਕਰਨ ਤਾਂ ਕਿ ਹਿੰਦੋਸਤਾਨ ਵਿੱਚੋਂ ਬਾਕੀ ਦੇ ਧਰਮ ਅਲੋਪ ਜਾਣ। ਜਿਹੜੇ ਫ਼ਕੀਰ ਮਾਨਵੀ ਏਕਤਾ ਅਤੇ ਸਾਂਝੀਵਾਲਤਾ ਦੀ ਗੱਲ ਕਰਦੇ ਸਨ। ਉਹ ਇਸਲਾਮੀ ਅਧਿਕਾਰੀਆਂ ਦੀ ਨਫ਼ਰਤ ਦੇ ਖੱਟਦੇ ਸਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।
-----
ਬਾਰ੍ਹਵੀਂ-ਤੇਰ੍ਹਵੀਂ ਸਦੀ ਵਿੱਚ ਕੇਵਲ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਹੀ ਟਕਰਾਉ ਨਹੀਂ ਸੀ। ਸਗੋਂ ਤੁਰਕਾਂ ਨੇ ਵੀ ਉਤਰੀ ਭਾਰਤ ਵਿੱਚ ਕਹਿਰ ਮਚਾਇਆ ਹੋਇਆ ਸੀ। ਮੁਸਲਮਾਨਾਂ ਵਿੱਚ ਤੁਰਕੀ ਮੁਸਲਮਾਨ ਅਤੇ ਗ਼ੈਰ-ਤੁਰਕੀ ਮੁਸਲਮਾਨਾਂ ਵਿੱਚ ਕਾਫ਼ੀ ਮਤਭੇਦ ਸਨ। ਤੁਰਕੀ ਹੁਕਮਰਾਨਾਂ ਨੂੰ ਇਹ ਹਰਗਿਜ਼ ਗਵਾਰਾ ਨਹੀਂ ਸੀ ਕਿ ਕਸ਼ਮੀਰ ਦੇ ਮੁਸਲਮਾਨਾਂ ਬੁੱਧ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਣ, ਪੱਛਮੀ ਭਾਰਤ ਵਿੱਚ ਮੁਸਲਮਾਨ ਹਿੰਦੂ ਦੇਵਤਿਆਂ ਦਾ ਸਤਿਕਾਰ ਕਰਨ ਤੇ ਬੰਗਾਲ ਵਿੱਚ ਮੁਸਲਮਾਨ ਸ਼ੀਤਲਾ ਮਾਤਾ ਦੀ ਉਪਾਸਨਾ ਕਰਨ। ਭਾਰਤ ਵਿੱਚ ਕੱਟੜ ਮੁਸਲਿਮ ਸੱਤਾ ਨੂੰ ਸ਼ੀਆ ਮੁਸਲਮਾਨਾਂ ਤੋਂ ਕਾਫ਼ੀ ਵਿਰੋਧਤਾ ਮਿਲੀ। ਕਿਉਂਕਿ ਸ਼ੀਆ ਮੁਸਲਮਾਨਾਂ ਦੀ ਸਿੱਖਿਆ ਵਿੱਚ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਸੀ। ਇਸ ਤਰ੍ਹਾਂ ਸੁੰਨੀ ਅਤੇ ਸ਼ੀਆ ਮੁਸਲਮਾਨ ਧੜਿਆਂ ਦੇ ਆਪਸ ਵਿੱਚ ਸਿੰਗ ਫਸੇ ਹੋਏ ਸਨ। ਜਿਸ ਨਾਲ ਸਮਾਜਿਕ ਮਾਹੌਲ ਪ੍ਰਦੂਸ਼ਿਤ ਹੋਇਆ ਹੋਇਆ ਸੀ।
-----
ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਅਤੇ ਅਸੰਗਤੀਆਂ ਨਾਲ ਭਰਪੂਰ ਬਾਰ੍ਹਵੀਂ-ਤੇਰ੍ਹਵੀਂ ਸਦੀ ਦਾ ਵਰਣਨ ਕਰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਪੁਸਤਕ ‘Glimpes Of World History & Discovery Of India’ ਵਿੱਚ ਵੀ ਇਸ ਦਾ ਸੰਕੇਤ ਕਰਦਿਆਂ ਲਿਖਿਆ ਹੈ ਕਿ ਉਸ ਵੇਲੇ ਭਾਰਤ ਵਿੱਚ ਬਾਹਰਲੇ ਹਮਲਿਆਂ ਕਾਰਨ ਇਫਰਾ-ਤਿਫਰੀ ਫ਼ੈਲੀ ਹੋਈ ਸੀ। ਅਫ਼ਗਾਨੀ ਮੁਸਲਮਾਨ ਇੰਡੋ-ਆਰੀਅਨ ਹੋਣ ਕਰਕੇ ਅਨੇਕਾਂ ਮੱਤਭੇਦ ਪੈਦਾ ਹੋ ਗਏ ਸਨ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ।
------
ਇਸ ਤੋਂ ਇਲਾਵਾ ਉਸ ਸਮੇਂ ਦੇ ਸਮਾਜਿਕ ਅਤੇ ਰਾਜਸੀ ਢਾਂਚੇ ਵਿੱਚ ਬੇਸ਼ੁਮਾਰ ਵਿਗਾੜ ਸਨ। ਲੋਕ ਅਗਿਆਨਤਾ ਦੇ ਹਨੇਰੇ ਖੂਹ ਵਿੱਚ ਡਿੱਗੇ ਹੋਏ ਸਨ। ਜੋਗੀਆਂ ਅਤੇ ਨਾਥਾਂ ਨੇ ਖ਼ਲਕਤ ਨੂੰ ਆਪਣੇ ਮਾਇਆ ਜਾਲ ਵਿੱਚ ਜਕੜ ਕੇ ਰੱਖਿਆ ਹੋਇਆ ਸੀ।
-----
ਸੰਸਕ੍ਰਿਤ ਦੀ ਇੱਕ ਪੰਗਤੀ ਹੈ ਕਿ ‘ਪਰੋਉਪਕਾਰਯ ਸਤਯ ਵਿਭੂਤਯ’ ਮਤਲਵ ਕਿ ਸੱਜਣ ਪੁਰਖਾਂ ਦੀ ਸਿਰਜਣਾ ਪਰੋਉਪਕਾਰ ਲਈ ਹੁੰਦੀ ਹੈ। ਲੋਕਾਂ ਦੇ ਇਖ਼ਲਾਕ ਨੂੰ ਉੱਚਾ ਚੁੱਕਣ ਅਤੇ ਮਨੁੱਖ ਅੰਦਰ ਮਾਨਵਤਾ ਨੂੰ ਜਾਗ੍ਰਿਤ ਕਰਨ ਲਈ ਉਸ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਫ਼ਰੀਦ ਜੀ ਨੇ ਵੱਖਰਾ ਮੱਤ ਪੈਦਾ ਕਰਨ ਨਾਲੋਂ ਬਿਹਤਰ ਇਹੋ ਸਮਝਿਆ ਕਿ ਪ੍ਰਚੱਲਿਤ ਮਤਾਂ ਵਿੱਚੋ ਹੀ ਚੰਗਿਆਈਆਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਜਾਵੇ। ਇਸ ਕਰਕੇ ਉਨ੍ਹਾਂ ਨੇ ਸੂਫ਼ੀਵਾਦ ਦੇ ਸਿਧਾਤਾਂ ਉੱਤੇ ਜੀਵਨ ਭਰ ਪਹਿਰਾ ਦਿੱਤਾ ਅਤੇ ਉਸੇ ਦਾ ਹੀ ਪ੍ਰਚਾਰ ਕੀਤਾ।
-----
ਬਾਰ੍ਹਵੀਂ ਸ਼ਤਾਬਦੀ ਵਿੱਚ ਜਦੋਂ ਚੰਗੇਜ਼ ਖ਼ਾਨ ਨੇ ਗ਼ਜ਼ਨੀ ’ਤੇ ਧਾਵਾ ਬੋਲਿਆ ਤਾਂ ਸ਼ੇਖ ਫ਼ਰੀਦ ਜੀ ਦਾ ਪੜਦਾਦਾ ਤੇ ਕਈ ਹੋਰ ਨਜ਼ਦੀਕੀ ਬਜ਼ੁਰਗ ਜੰਗ ਵਿੱਚ ਹੀ ਸ਼ਹੀਦੀਆਂ ਪਾ ਗਏ। ਉਸ ਉਪਰੰਤ ਫ਼ਰੀਦ ਜੀ ਦੇ ਦਾਦੇ ਕਾਜ਼ੀ ਸੁਐਬ (ਸਾਯੀਬ) ਦਾ ਗ਼ਜ਼ਨੀ ਰਹਿਣਾ ਖ਼ਤਰੇ ਤੋਂ ਖ਼ਾਲੀ ਨਾ ਰਿਹਾ ਤੇ ਉਹ ਪਰਿਵਾਰ ਸਮੇਤ ਕਾਬੁਲ ਜਾ ਵਸੇ। ਪਰੰਤੂ ਕਾਬੁਲ ਵਿੱਚ ਵੀ ਹਾਲਾਤ ਬਹੁਤੇ ਸੰਤੋਸ਼ਜਨਕ ਨਹੀਂ ਸਨ। ਮਜਬੂਰਨ ਬਾਰ੍ਹਵੀਂ ਸਦੀ ਦੇ ਅੱਧ (1150-51) ਵਿੱਚ ਉਹਨਾਂ ਨੂੰ ਆਪਣੇ ਤਿੰਨ ਪੁੱਤਰਾਂ ਸਮੇਤ ਕਾਬਲ ਤੋਂ ਉੱਜੜ ਕੇ ਲਾਹੌਰ, ਸਇਅਦ ਅਲੀ ਹਜ਼ੀਰਵੀ, ਦਾਤਾ ਗੰਜ ਬਖ਼ਸ਼ ਦੇ ਦੁਆਰ ’ਤੇ ਆਉਣਾ ਪਿਆ। ਉਥੋਂ ਸੁਐਬ, ਕਸੂਰ ਚਲੇ ਗਏ ਤੇ ਕਸੂਰ ਦੇ ਨਵਾਬ ਨੇ ਸੁਐਬ ਨੂੰ ਕੋਤਵਾਲ ਬਣਾ ਦਿੱਤਾ।
-----
ਕਸੂਰ ਹੀ ਸੁਐਬ ਨੇ ਆਪਣੇ ਬੇਟੇ ਜਮਾਲ-ਉਦ-ਦੀਨ ਸੁਲ੍ਹੇਮਾਨ (ਜਮਾਲੂਦੀਨ) ਦੀ ਸ਼ਾਦੀ ਕੁਰਸੂਮ(ਮਰੀਅਮ) ਨਾਂ ਦੀ ਇੱਕ ਧਾਰਮਿਕ ਖ਼ਿਆਲਾਂ ਵਾਲੀ ਇਸਤਰੀ ਨਾਲ ਕਰ ਦਿੱਤੀ। ਪਰ ਕਸੂਰ ਵੀ ਸੁਐਬ ਜ਼ਿਆਦਾ ਦੇਰ ਨਾ ਟਿਕ ਸਕੇ ਤੇ ਮੁਲਤਾਨ ਨੇੜੇ ਪਾਕਿਸਤਾਨ ਵਾਲੇ ਪੰਜਾਬ ਦੇ ਇੱਕ ਪਿੰਡ ਖੋਤੇਵਾਲ ( ਕਈਆਂ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਸ ਪਿੰਡ ਦਾ ਨਾਮ ਖੇਤਵਾਲ, ਖੋਤਵਾਲ, ਖੋਟਵਾਲ, ਖੱਤਵਾਲ, ਖੋਤੀਵਾਲ ਆਦਿ ਲਿਖ ਦਿੱਤੇ ਹਨ। ਪਰ ਇਸਦਾ ਅਸਲ ਨਾਮ ਖੋਤੇਵਾਲੇ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਖੋਤੇਵਾਲ ਤੋਂ ਵਿਗੜ ਕੇ ਇਸਦਾ ਨਵਾਂ ਨਾਮ ਕੋਠੇਵਾਲ ਪੈ ਗਿਆ ਹੈ। ਇਸ ਜਗ੍ਹਾਂ ਫ਼ਰੀਦ ਜੀ ਦੇ ਪਿਤਾ ਤੇ ਚਾਚਾ ਮੁਅਜ਼ੁਦੀਨ ਦੀਆਂ ਕ਼ਬਰਾਂ ਵੀ ਇੱਕ ਪੁਰਾਣੀ ਮਸੀਤ ਵਿੱਚ ਮੌਜੂਦ ਹਨ ) ਜਾ ਡੇਰੇ ਲਾਏ। ਫਿਰ ਬਾਅਦ ਵਿੱਚ ਕਿਸੇ ਮੁਸਲਮਾਨ ਬਾਦਸ਼ਾਹ ਨੇ ਉਹਨਾਂ ਨੂੰ ਖੋਤੇਵਾਲ ਦਾ ਕਾਜ਼ੀ ਮੁਕੱਰਰ ਕਰ ਦਿੱਤਾ ਸੀ। ਇੱਥੇ ਰਹਿੰਦਿਆਂ ਹੀ ਜਮਾਲ-ਉਦ-ਦੀਨ ਦੇ ਘਰ, ਬੀਬੀ ਕੁਰਸੂਮ ਦੀ ਕੁੱਖੋਂ ਤਿੰਨ ਪੁੱਤਰਾਂ ਇਜ਼ੁਦੀਨ ਮਹਿਮੂਦ, ਫ਼ਰੀਦੁਦੀਨ ਮਸਉਦ (ਸ਼ੇਖ਼ ਫ਼ਰੀਦ ਜੀ), ਨਜੀਬੁਬਦੀਨ ਅਤੇ ਇੱਕ ਲੜਕੀ ਨੇ ਜਨਮ ਲਿਆ।
-----
ਬਾਬਾ ਸ਼ੇਖ਼ ਫ਼ਰੀਦ ਜੀ ਦਾ ਜਨਮ ਪ੍ਰਸਿੱਧ ਇਤਿਹਾਸਕਾਰ ਹੈਨਰੀ ਜੌਰਜ ਕੀਨ, ਥੌਮਸ, ਵਿਲਿਅਮ ਅਤੇ ਡਾ: ਬੀਐਲ ਦੀਆਂ ਖੋਜਾਂ ਦੇ ਮੁਤਾਬਕ 1173 (ਹਿਜਰੀ 569) ਨੂੰ ਤੇ ਦਿਹਾਂਤ 17 ਅਕਤੂਬਰ, 1265 ਨੂੰ 92 ਸਾਲ ਦੀ ਉਮਰ ਵਿੱਚ ਮੁਹੱਰਮ ਦੀ 5 ਤਾਰੀਖ ਮੰਗਲਵਾਰ 664 ਹੋਇਆ ਸੀ। ਪਰੰਤੂ ਪਾਕਪਟਨ ਫ਼ਰੀਦ ਜੀ ਦੀ ਕਬਰ ਉੱਤੇ ਵਲਾਦਤ (ਜਨਮ ਸੰਨ) 569 ਹਿਜਰੀ ਤੇ ਵਸਾਲ (ਦੇਹਾਂਤ) 5 ਮੁਹੱਰਮ 664 ਹਿਜਰੀ ਲਿਖਿਆ ਹੋਇਆ ਹੈ। ਖੋਜਕਾਰ ਮੁਹੰਮਦ ਆਸਿਫ਼ ਖਾਂ ਅਨੁਸਾਰ ਫ਼ਰੀਦ ਜੀ ਦਾ ਜਨਮ 584 ਹਿਜਰੀ (1188 ਈਸਵੀ) ਅਤੇ ਫੌਤ 5 ਮੁਹੱਰਮ 679 ਹਿਜਰੀ (7 ਮਈ 1280 ਈਸਵੀ) ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਕਿਤਾਬਾਂ ਵਿੱਚ ਮੌਤ ਦੇ ਸੰਨ ਦੀ ਭਿੰਨਤਾ ਹੋਣ ਦੇ ਬਾਵਜੂਦ ਵੀ ਇੱਕ ਗੱਲ ਜੋ ਹਰ ਜਗ੍ਹਾ ਸਾਂਝੀ ਮਿਲਦੀ ਹੈ। ਉਹ ਇਹ ਹੈ ਕਿ ਫ਼ਰੀਦ ਜੀ ਦੀ ਮੌਤ ਵਾਲੇ ਦਿਨ ਮੰਗਲਵਾਰ ਸੀ ਅਤੇ ਉਸ ਦਿਨ ਇਸਲਾਮੀ ਸਾਲ ਹਿਜਰੀ ਦੇ ਪਹਿਲੇ ਮਹੀਨੇ ਮੁਹੱਰਮ ਦੀ 5 ਤਾਰੀਖ ਸੀ। ਇੱਕ ਵਿਦਵਾਨ ਅਨੁਸਾਰ ਦੱਸੀਆਂ ਜਾਣ ਵਾਲੀਆਂ ਦਿਹਾਂਤ ਦੀਆਂ ਤਾਰੀਖਾਂ ਵਿੱਚ 5 ਮੁਹੱਰਮ ਨੂੰ ਮੰਗਲਵਾਰ ਦਾ ਦਿਨ ਸਿਰਫ਼ 7 ਮਈ 1280 ਈਸਵੀ ਨੂੰ ਹੀ ਆਇਆ ਸੀ। ਇਸ ਲਈ ਇਹ ਤਾਰੀਖ ਹੀ ਸਭ ਵੱਧ ਢੁਕਵੀਂ ਅਤੇ ਪ੍ਰਮਾਣਿਕ ਹੈ। ਇਸ ਲੇਖ ਨੂੰ ਲਿਖਣ ਲਈ ਜਿਨ੍ਹਾਂ ਅਠਾਰਾਂ ਕਿਤਾਬਾਂ ਦੇ ਅਧਿਐਨ ਕਾਰਜ ਵਿੱਚੋਂ ਮੈਂ ਗੁਜ਼ਰਿਆ ਹਾਂ, ਉਨ੍ਹਾਂ ਵਿੱਚੋਂ ਵਧੇਰੇ ਨੇ ਇਸੇ ਤਾਰੀਕਾਂ ਦੀ ਹੀ ਤਸਦੀਕ ਕੀਤੀ ਹੈ।
-----
ਭਾਵੇਂ ਫ਼ਰੀਦ ਜੀ ਦੇ ਦਾਦਾ ਜੀ ਗਿਆਨੀ ਪੁਰਸ਼ ਸਨ, ਬਾਪ ਰੱਬ ਦਾ ਨਾਮ ਜਪਣ ਵਾਲਾ ਵਿਅਕਤੀ ਸੀ। ਪਰ ਫੇਰ ਵੀ ਫ਼ਰੀਦ ਜੀ ਦੀ ਸ਼ਖ਼ਸੀਅਤ ’ਤੇ ਵਧੇਰੇ ਪ੍ਰਭਾਵ ਉਹਨਾਂ ਦੀ ਮਾਤਾ ਜੀ ਦਾ ਹੀ ਪਿਆ। ਉਹਨਾਂ ਦੀਆਂ ਸਿਖਿਆਵਾਂ ਸਦਕਾ ਫ਼ਰੀਦ ਜੀ ਦੇ ਮਨ ਵਿੱਚ ਤਿਆਗ ਅਤੇ ਬੰਦਗੀ ਭਾਵਾਂ ਨੇ ਮੁਕਾਮ ਕਰ ਲਿਆ। ਮਾਂ ਦੁਆਰਾ ਦਿਖਾਏ ਮਾਰਗ ’ਤੇ ਚਲਦਿਆਂ ਫ਼ਰੀਦ ਜੀ ਪੜਾਅ-ਦਰ-ਪੜਾਅ ਆਪਣੀ ਹਿਯਾਤੀ ਵਿੱਚ ਧਾਰਮਿਕਤਾ ਅਤੇ ਸਦਾਚਾਰ ਦੇ ਸ੍ਰੇਸ਼ਟ ਗੁਣ ਧਾਰਨ ਕਰਦੇ ਚਲੇ ਗਏ। ਫ਼ਰੀਦ ਜੀ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਉਹਨਾਂ ਦੀ ਮਾਤਾ ਜੀ ਦੇ ਯੋਗਦਾਨ ਨੂੰ ਦੇਖ ਕੇ ਹੀ ਉਨ੍ਹਾਂ ਨੂੰ ਸੰਸਾਰ ਵਿਚਲੀਆਂ ਢਾਈ ਮਾਵਾਂ ਵਿਚੋਂ ਇੱਕ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ। ( ਇੱਕ ਕਥਨ ਹੈ ਕਿ ਦੁਨੀਆਂ ਵਿੱਚ ਕੁੱਲ ਢਾਈ ਮਾਵਾਂ ਹੀ ਹਨ। ਇੱਕ ਫ਼ਰੀਦ ਦੀ, ਦੂਜੀ ਧਰੂ ਭਗਤ ਦੀ ਅਤੇ ਅੱਧੀ ਗੋਪੀ ਚੰਦ ਦੀ। ਕਿਉਂਕਿ ਗੋਪੀ ਚੰਦ ਦੀ ਮਾਂ ਬੇਟੇ ਨੂੰ ਪ੍ਰਭੂ ਪਾਸੇ ਲਗਾ ਕੇ, ਪਿੱਛੋਂ ਵਿਛੋੜੇ ਵਿੱਚ ਵਿਰਲਾਪ ਕਰਨ ਲੱਗ ਪਈ ਸੀ। ) ਫ਼ਰੀਦ ਜੀ ਨੂੰ ਉਹਨਾਂ ਦੇ ਮਾਤਾ ਜੀ ਲੋਰੀਆਂ ਵੀ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਦੇਂਦੇ ਸਨ। ਉਹ ਰੋਜ਼ਾਨਾ ਫ਼ਰੀਦ ਜੀ ਨੂੰ ਹਦੀਸਾਂ ਦੀਆਂ ਕਥਾਵਾਂ ਸੁਣਾਇਆ ਕਰਦੇ ਸਨ। ਨਮਾਜ਼ ਵਿੱਚ ਫ਼ਰੀਦ ਜੀ ਦਾ ਦਿਲ ਲਵਾਉਣ ਲਈ ਨਿੱਤ ਮੁਸੱਲੇ (ਚਟਾਈ) ਹੇਠਾਂ ਸ਼ੱਕਰ ਰੱਖ ਦੇਂਦੇ ਸਨ। ਕਹਿੰਦੇ ਨੇ ਕਿ ਇੱਕ ਦਿਨ ਨਮਾਜ਼ ਸਮੇਂ ਮਾਂ ਸ਼ੱਕਰ ਰੱਖਣਾ ਭੁੱਲ ਗਈ। ਪਰ ਜਦੋਂ ਆਦਤ ਅਨੁਸਾਰ ਚਟਾਈ ਹੇਠਾਂ ਹੱਥ ਮਾਰ ਕੇ ਸ਼ੱਕਰ ਦੀ ਥਾਂ ਫ਼ਰੀਦ ਜੀ ਨੇ ਮਿੱਟੀ ਮੂੰਹ ਪਾਈ ਤਾਂ ਉਹਨਾਂ ਨੂੰ ਉਹ ਵੀ ਮਿੱਠੀ ਮਿੱਠੀ ਲੱਗੀ ਤੇ ਪਤਾ ਹੀ ਨਾ ਚੱਲਿਆ ਕਿ ਉਹ ਸ਼ੱਕਰ ਖਾ ਰਹੇ ਹਨ ਜਾਂ ਮਿੱਟੀ। ਫ਼ਰੀਦ ਜੀ ਪ੍ਰਭੂ ਭਗਤੀ ਵਿੱਚ ਇਸ ਕਦਰ ਲੀਨ ਹੋ ਚੁੱਕੇ ਸਨ ਕਿ ਉਨ੍ਹਾਂ ਨੂੰ ਨਾਮ ਦੇ ਰਸ ਤੋਂ ਸਿਵਾਏ ਹੋਰ ਸਾਰੇ ਦੁਨੀਆਵੀ ਸਵਾਦ ਵਿਸਰ ਗਏ ਸਨ। ਇਸ ਨਾਲ ਫ਼ਰੀਦ ਜੀ ਦੀ ਬਾਣੀ ਵਿੱਚ ਮਿਠਾਸ ਅਤੇ ਸੁਭਾਅ ਵਿੱਚ ਮਧੁਰਤਾ ਆਈ ਜਿਸ ਕਰਕੇ ਉਨ੍ਹਾਂ ਗੰਜ-ਏ-ਸ਼ਕਰ ਜਾਣੀ ਕਿ ‘ਮਿੱਠੇ ਦਾ ਭੰਡਾਰਾ’ ਆਖਿਆ ਜਾਣ ਲੱਗਿਆ। ਇਸੇ ਘਟਨਾ ਨੂੰ ਚਿਤਵ ਕੇ ਬਾਅਦ ਵਿੱਚ ਫ਼ਰੀਦ ਜੀ ਨੇ ਉਚਾਰਿਆ ਸੀ:
ਫ਼ਰੀਦ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਂਝਾ ਦੁਧੁ।।
ਸਭੇ ਵਸਤੂ ਮਿਲੀਆਂ ਰਬ ਨਾ ਪੁਜਨਿ ਤੁਧੁ।।
ਅਰਥ:- ਫ਼ਰੀਦ ਜੀ ਫਰਮਾਉਦੇ ਹਨ ਕਿ ਭਾਵੇਂ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਦੁੱਧ ਆਦਿ ਇਹ ਸਾਰੇ ਪਦਾਰਥ ਮਿੱਠੇ ਹਨ, ਪਰੰਤੂ ਇਹਨਾਂ ਦੀ ਮਿਠਾਸ ਅਸਥਾਈ ਅਤੇ ਥੋੜ੍ਹ-ਚਿਰੀ ਹੈ। ਕੇਵਲ ਪਰਮਾਤਮਾ ਦਾ ਨਾਮ ਹੀ ਸਥਾਈ ਰੂਪ ਵਿੱਚ ਮਿੱਠਾ ਅਤੇ ਮਧੁਰ ਹੈ। ਸੋ ਸਾਨੂੰ ਉਸੇ ਦੀ ਤਲਾਸ਼ ਕਰਨੀ ਚਾਹੀਦੀ ਹੈ।
-----
ਫ਼ਰੀਦ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਮਦਰੱਸੇ ਵਿੱਦਿਆ ਪ੍ਰਾਪਤੀ ਲਈ ਭੇਜਿਆ ਗਿਆ। ਆਪ ਨੇ ਗਿਆਰਾਂ ਸਾਲ ਦੀ ਆਯੂ ਵਿੱਚ ਸਾਰਾ ਕ਼ੁਰਾਨ ਕੰਠ ਕਰ ਲਿਆ ਸੀ। ਇਸੇ ਸਾਲ ਫ਼ਰੀਦ ਜੀ ਨੂੰ ਮਾਤਾ ਨਾਲ ਮੱਕੇ ਹੱਜ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ।
------
ਫ਼ਰੀਦ ਜੀ ਨੂੰ ਅਠਾਰਾਂ ਵਰ੍ਹੇ ਦੀ ਅਵਸਥਾ ਵਿੱਚ ਹੋਰ ਤਾਲੀਮ ਦਿਵਾਉਣ ਲਈ ਧਾਰਮਿਕ ਵਿੱਦਿਆ ਦੇ ਪ੍ਰਸਿਧ ਕੇਂਦਰ ਮੁਲਤਾਨ ਭੇਜਿਆ ਗਿਆ। ਉਸ ਵੇਲੇ ਮੁਲਤਾਨ ਫ਼ਕੀਰਾਂ ਅਤੇ ਆਲਮਾਂ-ਫ਼ਾਜ਼ਿਲਾਂ ਦੀ ਰਿਹਾਇਸ਼ਗਾਹ ਵਜੋਂ ਮਸ਼ਹੂਰ ਸੀ, ਜਿਸਦਾ ਵਰਣਨ ਫ਼ਾਰਸੀ ਦੇ ਇੱਕ ਬੜੇ ਮਕ਼ਬੂਲ ਸ਼ੇਅਰ ਵਿੱਚੋਂ ਵੀ ਮਿਲਦਾ ਹੈ:-
ਚਾਰ ਚੀਜ਼ ਅਸਤ ਤੁਹਾਫਾਏ ਮੁਲਤਾਨ
ਗਰਦ,ਗਰਮਾ,ਗਦਾਵ, ਗੋਰਸਤਾਨ।।
(ਯਾਨੀ ਮੁਲਤਾਨ ਦੀਆਂ ਚਾਰ ਚੀਜ਼ਾਂ ਪ੍ਰਸਿਧ ਹਨ। ਹਰ ਵੇਲੇ ਉੱਡਣ ਵਾਲਾ ਗਰਦਾ, ਇੱਥੋਂ ਦੀ ਸਖ਼ਤ ਗਰਮੀ, ਦਰਵੇਸ਼ ਅਤੇ ਇਥੋਂ ਦੇ ਮਜ਼ਾਰ )
------
ਫ਼ਰੀਦ ਜੀ ਨੇ ਇੱਥੇ ਚਾਰ ਸਾਲ ਰਹਿ ਕੇ ਵਿੱਦਿਆ ਗ੍ਰਹਿਣ ਕੀਤੀ ਅਤੇ ਆਪਣੇ ਗਿਆਨ ਵਿੱਚ ਇਜ਼ਾਫਾ ਕੀਤਾ। ਇਥੇ ਹੀ ਫ਼ਰੀਦ ਜੀ ਨੇ ਪ੍ਰਸਿਧ ਸੂਫੀ ਫ਼ਕੀਰ ਜਲਾਲ-ਉਦ-ਦੀਨ ਤਬਰੇਜ਼ੀ (ਮੌਲਾਨਾ ਰੂਮੀ) ਦੀ ਕਾਫ਼ੀ ਦੇਰ ਸੰਗਤ ਕੀਤੀ। ਫ਼ਰੀਦ ਜੀ ਉੱਪਰ ਉਨ੍ਹਾਂ ਦਾ ਬਹੁਤ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਤਬਰੇਜ਼ੀ ਪਾਸੋਂ ਬਹੁਤ ਕੁੱਝ ਸਿਖਿਆ। ਉਸ ਤੋਂ ਉਪਰੰਤ ਚਿਸ਼ਤੀ ਸਿਲਸਲੇ ਵਾਲੇ ਖ਼ਵਾਜ਼ਾ ਕੁਤਬ-ਉਦ-ਦੀਨ ਬਖ਼ਤਿਆਰ ਕਾਕੀ (ਦਿਹਾਂਤ 27 ਨਵੰਬਰ,1235) ਮੁਲਤਾਨ ਆਏ। ਇਤਫਾਕਨ ਉਹ ਉਸੇ ਮਸੀਤ ਨਮਾਜ਼ ਪੜ੍ਹਨ ਚਲੇ ਗਏ ਜਿੱਥੇ ਫ਼ਰੀਦ ਜੀ ਇਲਮ ਪ੍ਰਾਪਤ ਕਰ ਰਹੇ ਸਨ। ਉਹਨਾਂ ਫ਼ਰੀਦ ਨੂੰ ਬੰਦਗੀ ਵਿੱਚ ਖੁੱਭੇ ਤੱਕ ਕੇ ਬੜੇ ਪਿਆਰ ਨਾਲ ਪੁੱਛਿਆ, “ਕੀ ਪੜ੍ਹ ਰਹੇ ਹੋ?”
ਫ਼ਰੀਦ ਜੀ ਨੇ ਸਿਰ ਝੁਕਾਏ ਹੀ ਕਿਹਾ, “ਅਲ ਨਾਫਅ।”
ਜਦੋਂ ਫ਼ਰੀਦ ਜੀ ਨੇ ਸਿਰ ਉਠਾ ਕੇ ਖ਼ਵਾਜਾ ਜੀ ਵੱਲ ਤੱਕਿਆ ਤਾਂ ਤੱਕਦੇ ਹੀ ਰਹਿ ਗਏ। ਕਿਉਂਕਿ ਫ਼ਰੀਦ ਜੀ ਨੇ ਉਨ੍ਹਾਂ ਦੀ ਕਾਫ਼ੀ ਮਹਿਮਾ ਸੁਣੀ ਹੋਈ ਸੀ ਅਤੇ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪਹਿਲਾਂ ਦੇ ਹੀ ਮੁਤਾਸਿਰ ਸਨ। ਖ਼ਵਾਜਾ ਨੇ ਫ਼ਰੀਦ ਜੀ ਨੂੰ ਦੱਸਿਆ ਕਿ ਜੋ ਧਾਰਮਿਕ ਪੁਸਤਕ ਉਹ ਪੜ੍ਹ ਰਹੇ ਹਨ ਉਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਫ਼ਰੀਦ ਜੀ ਨੇ ਉਨ੍ਹਾਂ ਤੋਂ ਆਪਣੇ ਮਾਰਗ ਦਰਸ਼ਨ ਲਈ ਮਸ਼ਵਰੇ ਮੰਗੇ। ਬਖ਼ਤਿਆਰ ਕਾਕੀ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਅਤੇ ਤਜਵੀਜ਼ ਦਿੰਦੀਆਂ ਆਖਿਆ, “ਕੁਝ ਦਿਨ ਹੋਰ ਇਥੇ ਇਲਮ ਹਾਸਿਲ ਕਰ ਲੈ, ਬਾਬਾ! ਫਿਰ ਦਿੱਲੀ ਆ ਜਾਈਂ।”
-----
ਕੁਤਬ-ਉਦ-ਦੀਨ ਦੇ ਬਾਬਾ ਕਹਿ ਕੇ ਸੰਬੋਧਨ ਕਰਨ ਸਦਕਾ ਫ਼ਰੀਦ ਜੀ ਦੇ ਨਾਮ ਨਾਲ ਸਦਾ ਲਈ ‘ਬਾਬਾ’ ਸ਼ਬਦ ਜੁੜ ਗਿਆ। ਫ਼ਰੀਦ ਜੀ ਕਾਕੀ ਦੇ ਸਾਥ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਜਿੰਨੇ ਦਿਨ ਵੀ ਮੁਲਤਾਨ ਵਿਖੇ ਕਿਆਮ ਕੀਤਾ ਫ਼ਰੀਦ ਜੀ ਉਨ੍ਹਾਂ ਦੇ ਅੰਗ-ਸੰਗ ਹੀ ਰਹੇ। ਫ਼ਰੀਦ ਜੀ ਦੀ ਕਾਹਲ਼ ਦੇਖ ਕੇ ਖ਼ਵਾਜਾ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ, “ਬਾਬਾ। ਸਬਰ ਰੱਖ। ਅਲਾਹ ਰੂਪੀ ਮੰਜ਼ਿਲ ’ਤੇ ਸਬਰ ਦੇ ਰਾਹ ਚੱਲ ਕੇ ਹੀ ਪਹੁੰਚਿਆ ਜਾ ਸਕਦਾ ਹੈ।”
ਫ਼ਰੀਦ ਜੀ ਨੇ ਆਪਣੇ ਮੁਰਸ਼ਦ ਦੇ ਉਪਦੇਸ਼ ਨੂੰ ਲੜ ਬੰਨ੍ਹ ਕੇ ਉਸ ਉੱਤੇ ਨਾ ਸਿਰਫ਼ ਅਮਲ ਹੀ ਕੀਤਾ। ਬਲਕਿ ਫਿਰ ਅਗਾਂਹ ਜਾ ਕੇ ਆਪਣੇ ਸਲੋਕ ਵਿੱਚ ਉਚਾਰਿਆ:-
ਰ ਮੰਝਿ ਕਮਾਣ ਏ ਸਬਰੁ ਕਾ ਨੀਹਣੋ।।
ਸਬਰ ਸੰਦਾ ਬਾਣੁ ਖਾਲਕ ਖਤਾ ਨ ਕਰੀ।।
(ਅਰਥ:- ਫ਼ਰੀਦ ਜੀ ਲਿਖਦੇ ਹਨ ਕਿ ਸਬਰ ਇੱਕ ਅਜਿਹਾ ਹਥਿਆਰ ਹੈ ਜਿਸਦਾ ਨਿਸ਼ਾਨਾ ਕਦੇ ਵੀ ਨਹੀਂ ਖੁੰਝਦਾ। ਸਬਰ ਦੇ ਤੀਰ ਨੂੰ ਪਰਮਾਤਮਾ ਵੀ ਕਦੇ ਵਿਅਰਥ ਨਹੀਂ ਜਾਣ ਦਿੰਦਾ। )
-----
ਫ਼ਰੀਦ ਜੀ ਕੁਝ ਅਰਸਾ ਉਚੇਰੀ ਤਾਲਿਮ ਹਾਸਿਲ ਕਰਨ ਲਈ ਕੰਧਾਰ ਗਏ। ਕੰਧਾਰ ਤੋਂ ਵਾਪਿਸ ਆ ਕੇ ਥੋੜ੍ਹਾ ਸਮਾਂ ਮੁਲਤਾਨ ਹੀ ਰਹੇ। ਮੁਲਤਾਨ ਤੋਂ ਖ਼ਵਾਜਾ ਜੀ ਪਾਸ ਦਿੱਲੀ ਚਲੇ ਗਏ। ਇੱਥੇ ਉਨ੍ਹਾਂ ਦਾ ਸ਼ੁਮਾਰ ਖ਼ਵਾਜਾ ਹੋਰਾਂ ਦੇ ਚੁਣਵੇਂ ਸੂਫ਼ੀ ਚੇਲਿਆਂ ਵਿੱਚ ਹੁੰਦਾ ਸੀ। ਖ਼ਵਾਜਾ ਜੀ ਦੀ ਸਰਪਰਸਤੀ ਹੇਠ ਉਹ ਬਹੁਤਾ ਵਕਤ ਜਪ-ਤਪ ਵਿੱਚ ਲੀਨ ਰਹਿ ਕੇ ਗੁਜ਼ਾਰਦੇ। ਇੱਥੇ ਫ਼ਰੀਦ ਜੀ ਦੀ ਕਠਿਨ ਸਾਧਨਾ ਦਾ ਖ਼ਵਾਜਾ ਮੁਅਈਨੁਦੀਨ ਉੱਪਰ ਵਿਸ਼ੇਸ਼ ਪ੍ਰਭਾਵ ਪਿਆ ਅਤੇ ਉਹਨਾਂ ਫ਼ਰੀਦ ਜੀ ਦੇ ਉਜੱਵਲ ਭਵਿੱਖ ਬਾਰੇ ਪੇਸ਼ੀਨਗੋਈ ਵੀ ਕੀਤੀ। ਜਿਸ ਤੋਂ ਫੌਰਨ ਬਾਅਦ ਫ਼ਰੀਦ ਜੀ ਨੇ ਇੱਕ ਚਿਲਾ -ਏ-ਮਾਕੂਸ (ਜਿਸ ਵਿਚ ਚਾਲ੍ਹੀ ਦਿਨ ਸ਼ਰੀਰਕ ਕਸ਼ਟ ਝੱਲ ਕੇ ਕਠਿਨ ਤਪੱਸਿਆ ਕੀਤੀ ਜਾਂਦੀ ਹੈ) ਵੀ ਸੰਪੂਰਨ ਕੀਤਾ।
-----
ਦਿੱਲੀ ਵਿੱਚ ਰਹਿੰਦਿਆਂ ਫ਼ਰੀਦ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ ਸੀ। ਸ਼ਰਧਾਲੂ ਅਤੇ ਜਗਿਆਸੂ ਸਦਾ ਉਨ੍ਹਾਂ ਦੇ ਦਰਸ਼ਨਾਂ ਲਈ ਉਤਾਵਲੇ ਰਹਿਣ ਲੱਗੇ। ਫ਼ਰੀਦ ਜੀ ਦੁਆਰਾ ਸੰਗਤਾਂ ਨਾਲ ਬਹੁਤਾ ਸਮਾਂ ਬਿਤਾਉਣ ਕਾਰਨ ਤਪੱਸਿਆ ਅਤੇ ਬੰਦਗੀ ਵਿੱਚ ਰੁਕਾਵਟ ਪੈਣੀ ਸ਼ੁਰੂ ਹੋ ਗਈ। ਇਸ ਲਈ ਫ਼ਰੀਦ ਜੀ ਕਾਕੀ ਦੀ ਆਗਿਆ ਲੈ ਕੇ ਦਿੱਲੀ ਛੱਡ ਹਾਂਸੀ (ਜਿਲ੍ਹਾ ਹਿਸਾਰ) ਚਲੇ ਗਏ।
-----
ਦਿੱਲੀ ਤੋਂ ਹਾਂਸੀ ਜਾਂਦੇ ਸਮੇਂ ਰਸਤੇ ਵਿੱਚ ਫ਼ਰੀਦ ਜੀ ਨੇ ਥੱਕ ਕੇ ਮੋਕਲਹਰ ਸ਼ਹਿਰ ਵਿਖੇ ਅਰਾਮ ਕਰਨ ਲਈ ਪੜਾਅ ਕੀਤਾ। ਉਦੋਂ ਉਥੋਂ ਦਾ ਰਾਜਾ ਮੋਕਲਹਰ ਰਾਏ (ਗੋਕਲ ਦੇਵ) ਆਪਣਾ ਮਹਿਲ ਬਣਵਾ ਰਿਹਾ ਸੀ। ਰਾਜੇ ਦੇ ਹਾਕਮ ਪਰਜਾ ਅਤੇ ਉਸ ਨਗਰ ਵਿੱਚ ਆਉਣ-ਜਾਣ ਵਾਲੇ ਹਰ ਵਿਅਕਤੀਆ ਤੋਂ ਜ਼ਬਰੀ ਮਜ਼ਦੂਰੀ ਕਰਵਾਉਂਦੇ ਸਨ। ਫ਼ਰੀਦ ਜੀ ਨੂੰ ਵੀ ਉਹਨਾਂ ਨੇ ਜ਼ਬਰਦਸਤੀ ਕੰਮ ਕਰਨ ਲਗਾ ਲਿਆ। ਫ਼ਰੀਦ ਜੀ ਨੇ ਆਪਣੇ ਅਮੋਲਕ ਬਚਨਾਂ ਨਾਲ ਰਾਜੇ ਨਾਲ ਨੂੰ ਉਸਦੀ ਭੁੱਲ ਦਾ ਅਹਿਸਾਸ ਕਰਵਾਇਆ ਅਤੇ ਰਾਜੇ ਨੇ ਫ਼ਰੀਦ ਜੀ ਤੋਂ ਮਾਫ਼ੀ ਮੰਗੀ।
-----
ਫ਼ਰੀਦ ਜੀ ਹਾਂਸੀ ਵਿਖੇ ਹੀ ਸਨ ਕਿ ਉਨ੍ਹਾਂ ਨੂੰ ਖ਼ਵਾਜਾ ਜੀ ਦੀ ਨਾਜੁਕ ਹਾਲਤ ਦਾ ਸੰਦੇਸ਼ ਮਿਲਿਆ। ਫ਼ਰੀਦ ਜੀ ਨੇ ਤਤਫੱਟ ਦਿੱਲੀ ਨੂੰ ਚਾਲੇ ਪਾ ਦਿੱਤੇ। ਪਰ ਬਦਮਿਸਮਤੀ ਨਾਲ ਉਹ ਸਮੇਂ ਨਾ ਪਹੁੰਚ ਸਕੇ ਤੇ ਖ਼ਵਾਜਾ ਜੀ ਦੇ ਉਨ੍ਹਾਂ ਦੇ ਉਪੜਣ ਤੋਂ ਪੰਜ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।
-----
ਫ਼ਰੀਦ ਜੀ ਦੀ ਗ਼ੈਰ-ਹਾਜ਼ਰੀ ਵਿੱਚ ਕੁਤਬੁਦੀਨ ਨੇ ਕਾਜ਼ੀ ਹਮੀਦੂਦੀਨ ਨਾਗੌਰੀ ਨੂੰ ਗੋਦੜੀ, ਮੁਸੱਲਾ, ਆਸਾ ਅਤੇ ਦਸਤਾਰ ਆਦਿ ਦੇ ਕੇ ਹਦਾਇਤ ਕੀਤੀ ਕਿ ਇਹਨਾਂ ਵਸਤਾਂ ਉੱਤੇ ਫ਼ਰੀਦ ਜੀ ਦਾ ਹੱਕ ਹੈ ਤੇ ਉਹ ਉਨ੍ਹਾਂ ਨੂੰ ਸੌਂਪ ਦੇਣ। ਇਸਦਾ ਅਰਥ ਇਹ ਸੀ ਕਿ ਉਨ੍ਹਾਂ ਤੋਂ ਬਾਅਦ ਫ਼ਰੀਦ ਜੀ ਗੱਦੀ ਦੇ ਜਾ-ਨਸ਼ੀਨ ਹੋਣਗੇ। ਫ਼ਰੀਦ ਜੀ ਨੇ ਦਿੱਲੀ ਆ ਕੇ ਆਪਣੀਆਂ ਅਮਾਨਤਾਂ ਤਾਂ ਲੈ ਲਈਆਂ, ਪਰ ਉਤਰਾਧਿਕਾਰੀ ਦੇ ਰੂਪ ਵਿੱਚ ਚਿਸ਼ਤੀ ਸਿਲਸਿਲੇ ਦੀ ਵਾਗਡੋਰ ਸੰਭਾਲਣ ਦੀ ਬਜਾਏ ਸ਼ੇਖ਼ ਬਦਰੂਦੀਨ ਨੂੰ ਜ਼ਿੰਮੇਵਾਰੀ ਸੰਭਾਲ ਦਿੱਤੀ ਅਤੇ ਆਪ ਅਜੋਧਨ ( ਅਕਬਰ ਬਾਦਸ਼ਾਹ ਨੇ ਆਪਣੇ ਰਾਜਕਾਲ ਸਮੇਂ ਅਜੋਧਨ ਦਾ ਨਾਂ ਬਦਲ ਕੇ ਪਾਕਪਟਨ ਰੱਖ ਦਿੱਤਾ ਸੀ। ਆਸਾ ਦੀ ਵਾਰ ਦੀਆਂ ਨੌ ਪਾਉੜੀਆਂ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਬਾਬਾ ਫ਼ਰੀਦ ਦੇ ਅਸਥਾਨ ’ਤੇ ਹੀ ਉਚਾਰੀਆਂ ਸਨ। ਪਹਿਲੀਆਂ 15 ਦੁਨੀ ਚੰਦ ਦੀ ਡਿਉੜੀ, ਲਾਹੌਰ, ਦੁਨੀ ਚੰਦ ਦਾ ਗੁਮਾਨ ਉਤਾਰਨ ਲਈ ਉਚਾਰੀਆਂ ਸਨ। ) ਚਲੇ ਗਏ। ਫਿਰ ਫ਼ਰੀਦ ਜੀ 1236 ਈ ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਇੱਥੇ ਹੀ ਟਿਕੇ ਰਹੇ।
*****
ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।
No comments:
Post a Comment