ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਇਸ ਕਾਲਮ ਸਬੰਧੀ ਆਈਆਂ ਟਿੱਪਣੀਆਂ / ਸੁਆਲਾਂ ਦੇ ਜਵਾਬ ਬਲਰਾਜ ਸਿੱਧੂ ਜੀ ਵੱਲੋਂ ਹੀ ਦਿੱਤੇ ਜਾਣਗੇ । ਕਿਰਪਾ ਕਰਕੇ ਆਪਣੇ ਵਿਚਾਰ ਆਰਸੀ ਨੂੰ ਈਮੇਲ ਕਰਕੇ ਹੀ ਭੇਜੋ ਜੀ। ਬਹੁਤ-ਬਹੁਤ ਸ਼ੁਕਰੀਆ।

Saturday, September 25, 2010

ਬਲਰਾਜ ਸਿੱਧੂ - ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ – ਲੇਖ – ਭਾਗ - ਤੀਜਾ

ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ

ਲੇਖ ਭਾਗ ਤੀਜਾ

ਲੜੀ ਜੋੜਨ ਲਈ ਉਪਰਲੀਆਂ ਪੋਸਟਾਂ ਭਾਗ ਪਹਿਲਾ ਅਤੇ ਦੂਜਾ ਜ਼ਰੂਰ ਪੜ੍ਹੋ ਜੀ।

******

ਪੁਰਾਣੇ ਸਮਿਆਂ ਵਿੱਚ ਖ਼ਿਲਾਫ਼ਤਨਾਮੇ ਹੋਇਆ ਕਰਦੇ ਸਨ। ਇਹ ਉਹ ਦਸਤਾਵੇਜ਼ ਹੁੰਦੇ ਸਨ ਜਿਨ੍ਹਾਂ ਵਿੱਚ ਉਹਨਾਂ ਸਾਰੇ ਸ਼ਾਗਿਰਦਾਂ ਦੇ ਨਾਮ ਲਿਖੇ ਹੁੰਦੇ ਸਨ, ਜਿਨ੍ਹਾਂ ਨੂੰ ਗੁਰੂ ਆਪਣੇ ਦੁਆਰਾ ਥਾਪੇ ਹੋਏ ਖ਼ਲੀਫ਼ੇ ਸਮਝਦਾ ਸੀ। ਸ਼ੇਖ਼ ਫ਼ਰੀਦ ਜੀ ਦੇ ਖ਼ਿਲਾਫ਼ਤਨਾਮਿਆਂ ਉੱਪਰ ਮੌਲਾਨਾ ਬਦਰੂਦੀਨ ਇਸਹਾਕ ਅਤੇ ਸ਼ੇਖ਼ ਜਮਾਲੁਦੀਨ ਦੇ ਦਸਤਖ਼ਤ ਹੋਇਆ ਕਰਦੇ ਸਨ। ਉਂਝ ਫ਼ਰੀਦ ਜੀ ਦੇ ਬਹੁਤ ਸਾਰੇ ਖ਼ਲੀਫ਼ੇ ਸਨ ਪਰ ਸੀਅਰੁਲ ਔਲੀਆ ਵਿੱਚ ਕੇਵਲ ਸੱਤ ਖ਼ਲੀਫ਼ਿਆਂ ਬਾਰੇ ਵਿਚਾਰ ਕੀਤੀ ਗਈ ਹੈ।

ਫ਼ਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ।।

ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਦੁਨਿਆਵੀ ਨਜ਼ਾਰੇ ਵੇਖ ਕੇ ਅੱਖਾਂ ਕਮਜ਼ੋਰ ਹੋ ਗਈਆਂ ਹਨ, ਸੁਣ ਕੇ ਕੰਨ ਬੋਲ਼ੇ ਹੋ ਗਏ ਹਨ। ਜਿਵੇਂ ਖੇਤੀ ਪੱਕਣ ਸਮੇਂ ਰੰਗ ਬਦਲਦੀ ਹੈ, ਇਸ ਤਰ੍ਹਾਂ ਮੌਤ ਦਾ ਸਮਾਂ ਨੇੜੇ ਆ ਢੁੱਕਣ ਤੇ ਜੀਵਨ ਵੀ ਆਪਣੇ ਰੰਗ-ਢੰਗ ਬਦਲਣ ਲੱਗਦਾ ਹੈ। )

-----

ਫ਼ਰੀਦ ਜੀ ਆਪਣੇ ਕਥਨ ਤੇ ਸਾਰੀ ਉਮਰ ਪਹਿਰਾ ਦੇਂਦੇ ਰਹੇ ਸਨ। ਸਰੀਰ ਕਮਜ਼ੋਰ ਹੋਣ ਕਾਰਨ ਇੱਕ ਵਾਰੀ ਸੋਟੀ ਦੇ ਸਹਾਰੇ ਟੁਰ ਕੇ ਥੋੜ੍ਹਾ ਕੁ ਦੂਰ ਗਏ ਹੀ ਸਨ ਕਿ ਸੋਟੀ ਵਗਾਹ ਮਾਰੀ ਤੇ ਕਿਹਾ, “ਫ਼ਰੀਦ ਲਈ ਇਹ ਨਹੀਂ ਜੱਚਦਾ ਕਿ ਪ੍ਰਭੂ ਦੇ ਨਾਮ ਨੂੰ ਛੱਡ ਕੇ ਕਿਸੇ ਬੇ-ਜਾਨ ਲੱਕੜੀ ਦੇ ਸਹਾਰੇ ਟੁਰੇ।

ਫ਼ਰੀਦਾ ਇਨੀ ਨਿਕੀ ਜੰਘੀਐ ਥਲ ਫੂੰਗਰ ਭਵਿਓਮਿ।।

ਅਜੁ ਫ਼ਰੀਦੈ ਕੂਜੜਾ ਸੈ ਕੋਹਾਂ ਥੀਓਮਿ ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਇਹਨਾਂ ਛੋਟੀਆਂ-ਛੋਟੀਆਂ ਲੱਤਾਂ ਦੇ ਸਹਾਰੇ ਮੈਂ ਥਲ ਅਤੇ ਪਹਾੜ ਗਾਹ ਛੱਡੇ ਹਨ, ਪਰ ਅਜ ਜਦੋਂ ਕਿ ਮੈਂ ਬੁੱਢਾ ਹੋ ਗਿਆ ਹਾਂ ਤਾਂ ਵਜੂ ਕਰਨ ਵਾਲਾ ਕੁੱਜਾ ਵੀ ਸੌ ਕੋਹਾਂ ਦੀ ਵਿੱਥ ਤੇ ਪ੍ਰਤੀਤ ਹੁੰਦਾ ਹੈ।)

ਅੰਤ ਸਮਾਂ ਨੇੜੇ ਜਾਣ ਕੇ ਫ਼ਰੀਦ ਜੀ ਨੇ ਨਿਜ਼ਾਮ-ਉਦ-ਦੀਨ ਔਲੀਆ ਨੂੰ ਖ਼ਿਲਾਫ਼ਤ ਸੌਂਪੀ ਤੇ ਕਿਹਾ, “ਜਾਉ ਖ਼ੁਦਾ ਦੇ ਹਵਾਲੇ। ਹੁਣ ਹਸ਼ਰ ਵਿੱਚ ਮੁਲਾਕਾਤ ਹੋਵੇਗੀ।

ਦੇਖੁ ਫ਼ਰੀਦਾ ਜੁ ਥੀਆ ਦਾੜੀ ਹੋਈ ਭੂਰ।।

ਅਗਰੁ ਨੇੜਾ ਆਇਆ ਪਿਛਾ ਰਹਿਆ ਦੂਰਿ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਦੇਖੋ ਕੀ ਹੋ ਰਿਹਾ ਹੈ। ਮੇਰੀ ਦਾੜੀ ਦੇ ਵਾਲ ਭੂਰੇ ਅਤੇ ਚਿੱਟੇ ਹੁੰਦੇ ਜਾ ਰਹੇ ਹਨ। ਲੱਗਦਾ ਹੈ ਕਿ ਮੌਤ ਦਾ ਸਮਾਂ ਕਰੀਬ ਆ ਰਿਹਾ ਹੈ ਅਤੇ ਜੀਵਨ ਪਿੱਛੇ ਛੁੱਟਦਾ ਜਾ ਰਿਹਾ ਹੈ। )

ਬੁੱਢਾ ਹੋਆ ਸ਼ੇਖ਼ ਫ਼ਰੀਦੁ ਕੰਬਣਿ ਲਗੀ ਦੇਹ।।

ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ।।

( ਅਰਥ:- ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਉਸਦਾ ਸਾਰਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਹੈ, ਪਰ ਭਾਵੇਂ ਇਨਸਾਨ ਦੀ ਆਯੂ ਸੌ ਵਰ੍ਹੇ ਲੰਬੀ ਵੀ ਕਿਉਂ ਨਾ ਹੋਵੇ, ਇਕ ਦਿਨ ਤਾਂ ਉਸਨੇ ਮਰਨਾ ਹੀ ਹੈ। )

-----

ਫ਼ਰੀਦ ਜੀ ਨੇ 5 ਮੁਹੱਰਮ ਨੂੰ ਪੰਜ ਵਾਰੀ ਕ਼ੁਰਾਨ ਦਾ ਪੂਰਾ ਪਾਠ ਕੀਤਾ। ਮਗ਼ਰਬ (ਸ਼ਾਮ) ਦੀ ਨਮਾਜ਼ ਪੜ੍ਹਨ ਬਾਅਦ ਤਨਹਾਈ ਦੀ ਮੰਗ ਕੀਤੀ ਤੇ ਕਿਹਾ ਕਿ ਮੇਰੇ ਬੁਲਾਏ ਬਗ਼ੈਰ ਕੋਈ ਅੰਦਰ ਨਾ ਆਵੇ। ਹੁਜਰਾ ( ਕੋਠੜੀ, ਮਸੀਤ ਦੇ ਨਾਲ਼ ਲਗਦਾ ਛੋਟਾ ਜਿਹਾ ਕਮਰਾ ) ਬੰਦ ਕਰ ਲਿਆ। ਗਈ ਰਾਤ (ਅਸ਼ਾ) ਦੀ ਨਮਾਜ਼ ਅਦਾ ਕੀਤੀ ਹੀ ਸੀ ਕਿ ਬੇਹੋਸ਼ ਹੋ ਗਏ। ਜਦੋਂ ਰਤਾ ਹੋਸ਼ ਪਰਤੀ ਤਾਂ ਸੋਚਣ ਲੱਗੇ ਕਿ ਨਮਾਜ਼ ਪੜ੍ਹ ਲਈ ਹੈ ਕਿ ਨਹੀਂ? ਫਿਰ ਆਪੇ ਹੀ ਕਹਿਣ ਲੱਗੇ ਕਿ ਕੀ ਹਰਜ ਹੈ? ਫਿਰ ਪੜ੍ਹ ਲੈਂਦਾ ਹਾਂ। ਜਦ ਸਿਜਦੇ ਵਿੱਚ ਹੋਏ ਤਾਂ ਫਿਰ ਸਿਰ ਉਤਾਂਹ ਨਾ ਚੁੱਕਿਆ ਗਿਆ। ਉਨ੍ਹਾਂ ਦੀ ਪਵਿੱਤਰ ਰੂਹ ਇਸ ਫ਼ਾਨੀ ਜਹਾਨ ਚੋਂ ਪਰਵਾਜ਼ ਕਰ ਗਈ ਸੀ।

------

ਇਤਫ਼ਾਕਨ ਉਸ ਵੇਲੇ ਫ਼ਰੀਦ ਜੀ ਦੇ ਤਿੰਨੇ ਨਾਮਾਵਰ ਮੁਰੀਦਾਂ ਵਿੱਚੋਂ ਉਨ੍ਹਾਂ ਕੋਲ਼ ਕੋਈ ਨਹੀਂ ਸੀ। ਜਮਾਲ ਹਾਂਸਵੀ ਦੋ ਸਾਲ ਹੋਏ ਚੜ੍ਹਾਈ ਕਰ ਗਿਆ ਸੀ। ਸਾਬਰ ਕਲੇਰ ਸਨ ਤੇ ਨਿਜ਼ਮ-ਉਦ-ਦੀਨ ਦਿੱਲੀ ਗਏ ਹੋਏ ਸਨ। ਇਸੇ ਤਰ੍ਹਾਂ ਉਸ ਵੇਲ਼ੇ ਵੀ ਹੋਇਆ ਸੀ ਜਦੋਂ ਖ਼ਵਾਜਾ ਉਸਮਾਨ ਹਾਰੂੰ ਗੁਜ਼ਰੇ ਸਨ। ਉਦੋਂ ਮੀਅਨੁਦੀਨ ਚਿਸ਼ਤੀ ਪਾਸ ਨਹੀਂ ਸਨ। ਚਿਸ਼ਤੀ ਦੇ ਦਿਹਾਂਤ ਵੇਲੇ ਬਖ਼ਤਿਆਰ ਕਾਕੀ ਕੋਲ਼ ਨਹੀਂ ਸਨ ਤੇ ਕਾਕੀ ਦੇ ਅਕਾਲ ਚਲਾਣੇ ਵੇਲੇ ਫ਼ਰੀਦ ਜੀ ਹਾਂਸੀ ਸਨ।

-----

ਫ਼ਰੀਦ ਜੀ ਨੂੰ ਦਫ਼ਨ ਕਰਨ ਲਈ ਪਰਿਵਾਰ ਕੋਲ ਕਫ਼ਨ ਦਾ ਕੱਪੜਾ ਵੀ ਨਹੀਂ ਸੀ। ਫ਼ਰੀਦ ਜੀ ਤਾਕੀਦ ਕਰ ਗਏ ਸਨ ਕਿ ਕਿਸੇ ਤੋਂ ਮੰਗਣਾ ਨਹੀਂ। ਉਸ ਵਕਤ ਪਰਿਵਾਰ ਲਈ ਅਜੀਬ ਸਕੰਟ ਪੈਦਾ ਹੋ ਗਿਆ ਸੀ। ਫਿਰ ਇਸਦਾ ਹੱਲ ਉਹਨਾਂ ਘਰ ਦੀ ਚਾਦਰ ਨੂੰ ਫ਼ਰੀਦ ਜੀ ਦੀ ਲਾਸ਼ ਉੱਤੇ ਪਾ ਕੇ ਕੀਤਾ। ਫ਼ਰੀਦ ਜੀ ਦੀ ਕੁੱਲੀ ਦੀਆਂ ਹੀ ਇੱਟਾ ਪੱਟ ਕੇ ਹੀ ਕਬਰ ਲਈ ਇਸਤੇਮਾਲ ਕੀਤੀਆਂ ਗਈਆਂ ਸਨ। ਉਹਨਾਂ ਉਪਰੰਤ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਦੀਵਾਨ ਬਦਰੁਦੀਨ ਸੁਲੇਮਾਨ ਬੈਠਾ।

-----

ਫ਼ਰੀਦ ਜੀ ਦੀ ਪੰਜਾਬੀ ਬਾਣੀ ਮੁਕੰਮਲ ਤੌਰ ਤੇ ਅਤੇ ਅਧਿੱਕ ਮਾਤਰਾ ਵਿੱਚ ਦਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਗ੍ਰੰਥ ਵਿਚੋਂ ਪ੍ਰਾਪਤ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਤਿੰਨ ਥਾਵਾਂ ਤੇ ਮਿਲਦੀ ਹੈ।

(1) ਰਾਗੁ ਆਸਾ ਵਿੱਚ ਵਿਉਂਤਬੱਧ 2 ਸ਼ਬਦ।

(2) ਰਾਗੁ ਸੂਹੀ ਵਿੱਚ ਰਚੇ 2 ਸ਼ਬਦ।

(3) 112 ਸਲੋਕ

-----

ਗੁਰੂ ਨਾਨਕ ਦੇਵ ਜੀ ਨੇ ਫ਼ਰੀਦ ਬਾਣੀ ਪਾਕ ਪਟਨ ਫ਼ਰੀਦ ਜੀ ਦੀ ਗੱਦੀ ਦੇ ਸੰਚਾਲਕ ਸ਼ੇਖ਼ ਬ੍ਰਹਮ (ਸ਼ੇਖ਼ ਇਬਰਾਹੀਮ) ਨਾਲ ਹੋਈ ਗੋਸ਼ਟੀ ਵੇਲੇ ਹਾਸਿਲ ਕੀਤੀ ਸੀ। ਉਹਨਾਂ ਸਾਰੀ ਬਾਣੀ ਬਾਬਾ ਫ਼ਰੀਦ ਜੀ ਦੇ 112 ਸ਼ਲੋਕ ਤੇ 4 ਸ਼ਬਦ ਆਪਣੀ ਕਿਤਾਬ (ਗੁਰੂ ਸਾਹਿਬ ਪ੍ਰਚਾਰ ਲਈ ਇੱਕ ਲਿਖਤੀ ਪੋਥੀ ਹਮੇਸ਼ਾ ਆਪਣੇ ਨਾਲ਼ ਰੱਖਿਆ ਕਰਦੇ ਸਨ।

ਪੁਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਨੋਈ।।

ਬਾਬਾ ਆਖੇ ਹਾਜੀਆ, ਸ਼ੁਭ ਅਮਲਾਂ ਬਾਝਹੁ ਦੋਨੋ ਖੋਈ।।

------

ਭਾਈ ਗੁਰਦਾਸ ਜੀ ਨੇ ਵੀ ਇਉਂ ਇਸ ਪੋਥੀ ਵੱਲ ਇਸ਼ਾਰਾ ਕੀਤਾ ਹੈ। ) ਵਿੱਚ ਦਰਜ ਕਰ ਲਏ ਤੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸ਼ੇਖ਼ ਫ਼ਰੀਦ ਜੀਉ ਕੀ ਬਾਣੀ ਤੇ ਸਲੋਕ ਫ਼ਰੀਦ ਕੇ ਦਾ ਸਿਰਲੇਖ ਦੇ ਕੇ ਆਦਰ ਸਹਿਤ ਉਸ ਬਾਣੀ ਨੂੰ ਆਦਿ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿੱਤਾ। ਇਸ ਤਰ੍ਹਾਂ ਫ਼ਰੀਦ ਜੀ ਦੇ ਆਦਿ ਗ੍ਰੰਥ ਵਿੱਚ 112 ਸਲੌਕ ਅਤੇ 4 ਸ਼ਬਦ ਸੰਕਲਿਤ ਹੋ ਗਏ।

-----

ਸੀਅਰੁਲ-ਔਲੀਆ ਵਿੱਚ ਫ਼ਰੀਦ ਜੀ ਦੇ ਕਥਨ, ਖ਼ਤ,ਅਰਬੀ ਰੁਬਾਈਆਂ ਅਤੇ ਕਈ ਫ਼ਾਰਸੀ ਬੈਂਤ ਮਿਲਦੇ ਹਨ। ਪੁਰਾਤਨ ਜਨਮ ਸਾਖੀਆਂ ਅਤੇ ਭਾਈ ਪੈਦੇ ਵਾਲੀ ਬੀੜ ਵਿੱਚ ਫ਼ਰੀਦ ਜੀ ਦੇ ਕਈ ਸ਼ਲੋਕ ਹਨ। ਪੁਰਾਣੇ ਪੰਜਾਬੀ ਕਵਾਲਾ ਨੇ ਫ਼ਰੀਦ ਜੀ ਦੇ ਕਈ ਅਜਿਹੇ ਸਲੋਕ ਵੀ ਗਾਏ ਹਨ ਜੋ ਲਿਖਤੀ ਰੂਪ ਵਿੱਚ ਉਪਲਬਧ ਨਹੀਂ ਸਨ। ਫ਼ਰੀਦ ਜੀ ਦੀ 56 ਸਤਰਾਂ ਦੀ ਇੱਕ ਕਾਫੀ ਭਾਸ਼ਾ ਵਿਭਾਗ ਪਟਿਆਲਾ ਦੀ ਲਾਇਬ੍ਰੇਰੀ ਵਿੱਚ ਸਾਂਭੀ ਹੋਈ ਹੈ।

-----

1265 ਈਸਵੀ ਦੀ ਲਿਖੀ ਇੱਕ ਫ਼ਾਰਸੀ ਕਿਤਾਬ ਵਾਕਿਆਤ ਮੁਸ਼ਤਾਕੀ ਵਿੱਚ ਬਾਬਾ ਫ਼ਰੀਦ ਪਾਕ ਪਟਨ ਵਾਲੇ ਆਖੇ ਅਨੁਸਾਰ ਲਿਖ ਕੇ ਕੁਝ ਲਿਖਿਆ ਹੋਇਆ ਹੈ। ਪਰ ਉਹ ਪੰਜਾਬੀ ਸ਼ਬਦ ਠੀਕ ਪੜ੍ਹੇ ਨਹੀਂ ਜਾ ਸਕੇ ਜੋ ਸਪੱਸ਼ਟ ਪੜ੍ਹੇ ਜਾ ਸਕੇ ਹਨ। ਉਹ ਇਹ ਨਿਮਨ ਲਿਖਤ ਹਨ:-

ਚਿਤ ਗਰ ਜ਼ਮੀਂ ਨਾ ਪਾਈਏ

ਗਿਆ ਬੰਦੇ ਕਿਤ

ਜਿਤ ਪਰਦੇਸੀ।

ਜਮਾਤੇ ਸ਼ਾਹੀ ਵਿੱਚ ਫ਼ਰੀਦ ਦਾ ਦੋਹੜਾ ਹੈ:

ਅਸਾਂ ਕੇਰੀ ਯਹੀ ਸੋ ਰੀਤ

ਜਾਊਂ ਨਾਏ ਕਿ ਜਾੳਂ ਮਸੀਤ।

ਸ਼ੇਖ਼ ਬਾਜਣ ਦੀ ਲਿਖੀ ਕਿਤਾਬ ਖ਼ਜ਼ਾਨਾ ਰਹਿਮਤ ਵਿੱਚ ਫ਼ਰੀਦ ਦੇ ਲਿਖੇ ਪ੍ਰਾਪਤ ਹੁੰਦੇ ਤਿੰਨ ਪੰਜਾਬੀ ਕੌਲਾਂ ਵਿਚੋਂ ਇੱਕ ਹੈ:

ਆਵੋ ਲਧੋ ਸਾਥੜੋ, ਐਂਵੇ ਵਣਜ ਕਹੀਂ

ਮੂਲ ਸੰਭਲੀਂ ਆਪਣਾ, ਪਾਛੇ ਲਾਹਾ ਨਈਂ।

-----

ਮੱਧਕਾਲੀਨ ਸਾਹਿਤ ਅਤੇ ਚਿੰਤਨ ਵਿੱਚ ਫ਼ਰੀਦ ਦਾ ਇੱਕ ਵਿਸ਼ੇਸ਼ ਸਥਾਨ ਹੈ। ਫ਼ਰੀਦ ਜੀ ਠੇਠ ਪੰਜਾਬੀ ਵਿੱਚ ਉੱਚ ਪਾਏ ਦੀ ਕਵਿਤਾ ਲਿਖਣ ਵਾਲੇ ਮੰਨੇ ਪ੍ਰਮੰਨੇ ਕਵੀਆਂ ਦੀ ਕਤਾਰ ਵਿੱਚ ਖੜੋਤੇ ਹਨ। ਫ਼ਰੀਦ ਨੂੰ ਪੰਜਾਬੀ ਕਵਿਤਾ ਦਾ ਬਾਨੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁੱਝ ਹਿੰਦੀ ਦੇ ਕਵੀਆਂ ਨੇ ਵੀ ਫ਼ਰੀਦ ਜੀ ਨੂੰ ਅਪਰੰਸ (ਪੁਰਾਣੀ ਹਿੰਦੀ) ਦਾ ਕਵੀ ਮੰਨਦੇ ਹੋਏ ਉਹਨਾਂ ਦੀ ਬਾਣੀ ਦੀ ਸ਼ੈਲੀਗਤ ਵਿਲੱਖਣਤਾ ਨੂੰ ਸਰਾਹਿਆ ਹੈ। ਫ਼ਰੀਦ ਦੀ ਕਾਵਿ ਰਚਨਾ ਨੂੰ ਰੱਬੀ ਬਾਣੀ ਤੇ ਸੂਫ਼ੀਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਡਾਂਲਾਜਵੰਤੀ ਰਾਮਾਕ੍ਰਿਸ਼ਨਾ ਨੇ ਆਪਣੀ ਪੁਸਤਕ Punjabi Sufi Poets ਵਿੱਚ ਆਪਨੂੰ ਸੂਫ਼ੀ ਕਾਵਿ ਪਰੰਪਰਾ ਦਾ ਇੱਕ ਨਿਰਮਾਣਕਾਰੀ ਸਤੰਭ ਮੰਨਿਆ ਹੈ।

ਫ਼ਰੀਦ ਜੀ ਨੇ ਵੀ ਦੁਸਰੇ ਸੂਫ਼ੀਆਂ ਵਾਂਗ ਆਪਣੀ ਬਾਣੀ ਵਿੱਚ ਅਕਾਲ ਪੁਰਖ ਦੇ ਸਿਮਰਨ ਲਈ ਪ੍ਰੇਰਿਆ ਹੈ।

ਫ਼ਰੀਦਾ ਚਾਰਿ ਗਵਾਇਆ ਹੰਢਿ ਕੈ ਚਾਰ ਗਵਾਇਆ ਸੰਮਿ।।

ਲੇਖਾ ਰਬ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਵਿਅਕਤੀ ਜੀਵਨ ਦੇ ਚਾਰ ਪਹਿਰ (ਅੱਧੀ ਉਮਰ) ਦੁਨਿਆਵੀ ਕੰਮਾਂ-ਧੰਦਿਆਂ ਵਿੱਚ ਗੁਆ ਛੱਡਦਾ ਹੈਂ ਅਤੇ ਬਾਕੀ ਦੇ ਚਾਰ ਪਹਿਰ ਸੌਂ ਕੇ ਗੁਆ ਬੈਠਦਾ ਹੈ। ਜਦੋਂ ਜ਼ਿੰਦਗੀ ਖ਼ਤਮ ਹੋਣ ਪਿੱਛੋਂ ਪ੍ਰਮਾਤਮਾ ਪਾਸ ਪਹੁੰਚਿਆ ਅਤੇ ਉਸ ਨੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਤਾਂ ਉਹ ਕੀ ਜਵਾਬ ਦੇਵੇਂਗਾ? ) ਅਤੇ

ਫ਼ਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ।।

ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ।।

-----

ਪ੍ਰੋ: ਕਿਸ਼ਨ ਸਿੰਘ ਨੇ ਸ਼ੇਖ਼ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ਇੱਕ ਸ਼ਿਰੋਮਣੀ ਕਵੀ ਮੰਨਿਆ ਹੈ। ਫ਼ਰੀਦ ਜੀ ਦਾ ਕਾਵਿ ਸਿਰਫ਼ ਅਖੌਤੀ ਹੀ ਨਹੀਂ ਸਗੋਂ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਹੰਢਾਇਆ ਹੋਇਆ ਅਨੁਭਵੀ ਅਤੇ ਯਥਾਰਥਵਾਦੀ ਕਾਵਿ ਹੈ।

ਫ਼ਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।।

-----

ਪ੍ਰੋਫੈਸਰ ਖਲੀਕ ਅਹਿਮਦ ਨਿਜ਼ਾਮੀ ਵੀ ਫ਼ਰੀਦ ਜੀ ਦੀ ਬਾਣੀ ਦੀ ਰੂਪਗਤ ਵਿਲੱਖਣਤਾ ਦਾ ਵਿਸ਼ਲੇਸ਼ਣ ਕਰਦਾ ਹੋਇਆ ਲਿਖਦਾ ਹੈ ਕਿ ਆਦਿ ਗ੍ਰੰਥ ਵਿੱਚ ਆਪਦੇ ਜਿਤਨੇ ਸ਼ਲੋਕ ਮਿਲਦੇ ਹਨ , ਉਹਨਾਂ ਦੀ ਵਿਚਾਰਧਾਰਾ, ਬਿੰਬਾਵਲੀ ਅਤੇ ਸ਼ਬਦਾਵਲੀ ਫ਼ਰੀਦ ਜੀ ਦੀ ਪ੍ਰਤਿਭਾ ਦੇ ਅਨੁਕੂਲ ਹੈ।

ਫ਼ਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠ।।

ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਖੂਬਸੂਰਤ ਅੱਖੀਆਂ ਨੇ ਦੁਨੀਆਂ ਨੂੰ ਮਸਤ ਕਰ ਰੱਖਿਆ ਸੀ, ਉਹਨਾਂ ਦੀ ਸਾਰੀ ਹਕੀਕਤ ਮੈਂ ਜਾਣ ਲਈ ਹੈ। ਉਹ ਨਾਜ਼ੁਕ ਨੈਣ, ਜੇ ਕਦੇ ਕਜਲੇ ਦੀ ਧਾਰ ਨਹੀਂ ਸਹਾਰਦੇ ਸਨ। ਅੱਜ ਵਿਅਕਤੀ ਦੀ ਮੌਤ ਉਪਰੰਤ ਅੱਖਾਂ ਦੇ ਉਹਨਾਂ ਖਾਨਿਆਂ ਵਿੱਚ ਪੰਛੀਆਂ ਨੇ ਆਪਣੇ ਬੱਚੇ ਦੇ ਰੱਖੇ ਹਨ। ਜਵਾਨੀ ਤੇ ਹੁਸਨ ਦਾ ਕੀ ਮਾਨ? )

-----

ਫ਼ਰੀਦ ਜੀ ਨੇ ਆਪਣੇ ਅਨੁਭਵ ਨੂੰ ਬੜੇ ਗ੍ਰਹਿਣਯੋਗ, ਪ੍ਰਮਾਣਿਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਭਿਵਿਅਕਤ ਕੀਤਾ ਹੈ। ਚਿੰਤਨ ਤੋਂ ਪਤਾ ਲੱਗਦਾ ਹੈ ਕਿ ਫ਼ਰੀਦ ਨੇ ਉਸ ਸਮੇਂ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਤੇ ਕਟਾਖਸ਼ ਵੀ ਕੀਤਾ ਹੈ। ਸਮਾਜ ਵਿੱਚ ਪ੍ਰਚਲਤ ਕੁਰੀਤੀਆਂ ਦਾ ਚਿਤਰਨ ਸ਼ੇਖ਼ ਫ਼ਰੀਦ ਦੀ ਵਿਸ਼ੇਸ਼ਤਾ ਰਹੀ ਹੈ। ਹਜ਼ਰਤ ਕਿਰਮਾਨੀ ਨੇ ਆਪਣੀ ਪੁਸਤਕ ਸੀਅਰੁਲ ਔਲੀਆ ਵਿੱਚ ਫ਼ਰੀਦ ਕਾਵਿ ਨੂੰ ਸੀਰੀ-ਵਰਤਾ-ਅਸਤ ਕਹਿ ਕੇ ਇਸਦੀ ਸ਼ੈਲੀਗਤ ਵਿਲੱਖਣਤਾ ਵੱਲ ਇੱਕ ਬੜਾ ਭਰਪੂਰ ਸੰਕੇਤ ਕੀਤਾ ਹੈ।

-----

ਫ਼ਰੀਦ ਜੀ ਨੇ ਬਾਣੀ ਵਿੱਚ ਹਲੀਮੀ, ਨਿਮਰਤਾ, ਲਾਲਚ ਤਿਆਗ, ਏਕਤਾ, ਦਿਆ, ਪ੍ਰੇਮ, ਸਹਾਨੁਭੂਤੀ, ਮਿਲਵਰਤਣ ਅਤੇ ਸਹਿਣਸ਼ੀਲਤਾ ਜਿਹੇ ਗੁਣਾਂ ਨੂੰ ਧਾਰਨ ਕਰਨ ਲਈ ਆਖਿਆ ਗਿਆ ਹੈ।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ।।

ਫ਼ਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣ ਮਸਾਨ ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਲੋਕ ਵਿਛੋੜਾ ਵਿਛੋੜਾ ਕੂਕਦੇ ਤਾਂ ਰਹਿੰਦੇ ਹਨ, ਇਸਦੀ ਬੁਰਾਈ ਵੀ ਕਰਦੇ ਹਨ, ਪਰੰਤੂ ਇਹ ਵਿਛੋੜਾ ਹੀ ਮਨੁੱਖੀ ਜੀਵਨ ਦਾ ਸੁਲਤਾਨ ਹੈ। ਜਿਸ ਦਿਲ ਵਿੱਚ ਵਿਛੋੜੇ ਦੇ ਭਾਵ ਹੀ ਪੈਦਾ ਨਹੀਂ ਹੁੰਦੇ, ਉਹ ਦਿਲ ਤਾਂ ਇੱਕ ਸ਼ਮਸ਼ਾਨ ਹੈ ਅਤੇ ਉਥੇ ਕੋਈ ਹੋਰ ਜਜ਼ਬਾ ਵੀ ਪੁੰਗਰ ਨਹੀਂ ਸਕਦਾ। )

-----

ਭਾਵੇਂ ਸਮਾਂ ਕੋਈ ਵੀ ਹੋਵੇ, ਫ਼ਰੀਦ ਬਾਣੀ ਸਾਡਾ ਨੈਤਿਕ ਜੀਵਨ ਪੱਧਰ ਉੱਚਾ ਕਰਨ ਲਈ ਅੱਜ ਵੀ ਉਨੀ ਹੀ ਲੋੜੀਂਦੀ ਹੈ ਜਿੰਨੀ ਕਿ ਉਸ ਵਕਤ ਸਾਰਥਕ ਸੀ। ਫ਼ਰੀਦ ਬਾਣੀ ਦਾ ਗੁਣਗਾਨ ਕਰਦਾ ਹੋਇਆ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਲਿਖਦਾ ਹੈ ਕਿ ਫ਼ਰੀਦ ਦਾ ਕਲਾਮ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਸਤੇ ਇੱਕ ਪੁਲ਼ ਦਾ ਕੰਮ ਕਰਦਾ ਹੈ।

-----

ਪਿਆਰਾ ਸਿੰਘ ਪਦਮ ਅਨੁਸਾਰ ਫ਼ਰੀਦ ਬਾਣੀ ਦਾ ਮੂਲ ਆਧਾਰ ਮਹਾਤਮਾ ਬੁੱਧ ਦਾ ਸ਼ੁੱਧ ਸ਼ਿਸ਼ਟਾਚਾਰ, ਬਾਬਾ ਗੋਰਖ ਦਾ ਤਪ ਅਤੇ ਤਿਆਗ,ਹਜਰਤ ਮੁਹੱਮਦ ਸਾਹਿਬ ਦਾ ਸਬਰ, ਸੰਤੋਖ ਅਤੇ ਭਗਤੀ ਲਹਿਜੇ ਦੀ ਪ੍ਰੇਮ ਪ੍ਰਧਾਨ ਭਗਤੀ ਹੈ।

-----

ਬੇਸ਼ੱਕ ਫ਼ਰੀਦ ਜੀ ਅੱਜ ਸਾਡੇ ਦਰਮਿਆਨ ਜਿਸਮਾਨੀ ਰੂਪ ਵਿੱਚ ਮੌਜੂਦ ਨਹੀਂ ਹਨ। ਪਰ ਜਦੋਂ ਤੱਕ ਫ਼ਰੀਦ ਦੀ ਬਾਣੀ ਜਿੰਦਾ ਹੈ, ਉਹ ਰੂਹਾਨੀ ਤੌਰ ਤੇ ਹਮੇਸ਼ਾਂ ਸਾਡੇ ਦਰਮਿਆਨ ਰਹਿਣਗੇ। ਫ਼ਰੀਦ ਬਾਣੀ ਆਦਰਸ਼ਕ ਸਮਾਜ ਦੇ ਨਿਰਮਾਣ ਵਾਸਤੇ ਅਤਿਅੰਤ ਜ਼ਰੂਰੀ ਹੈ।

-----

ਜਿਸ ਤਰ੍ਹਾਂ ਬਾਰ੍ਹਵੀਂ ਤੇਰ੍ਹਵੀ ਸਦੀ ਵਿੱਚ ਸੂਫ਼਼ੀਵਾਦ ਪ੍ਰਣਾਲੀ ਦੇ ਪ੍ਰਚਲਨ ਅਤੇ ਅਲੌਕਿਕ ਸੂਫ਼ੀ ਬਾਣੀ ਦੇ ਪ੍ਰਚਾਰ ਸਦਕਾ ਲੋਕ ਮਜ਼ਹਬੀ ਫ਼ਾਸਲਿਆਂ ਨੂੰ ਮਿਟਾ ਕੇ ਇੱਕ ਦੂਜੇ ਦੇ ਨੇੜੇ ਹੁੰਦੇ ਗਏ। ਇਸੇ ਤਰ੍ਹਾਂ ਅੱਜ ਵੀ ਅਸੀਂ ਆਪਣੇ ਇਰਦ-ਗਿਰਦ ਮਜ਼ਹਬ, ਨਸਲ, ਜਾਤ-ਪਾਤ, ਬੋਲੀ, ਫਿਰਕਿਆਂ ਅਤੇ ਆਰਥਿਕਤਾ ਦੀਆਂ ਜੋ ਦੀਵਾਰਾਂ ਉਸਾਰੀ ਬੈਠੇ ਹਾਂ। ਉਹਨਾਂ ਨੂੰ ਢਾਹ ਕੇ ਅਜੋਕੇ ਸਮਾਜ ਦੀ ਡਾਵਾਡੋਲ ਸਥਿਤੀ ਨੂੰ ਸੰਤੁਲਤ ਕਰਨ ਲਈ ਅਤੇ ਮਜ਼ਹਬੀ ਵਹਿਸ਼ਤ ਦੇ ਖ਼ਾਤਮੇ, ਸਿਤਮ ਜ਼ਰੀਫ਼ੀ, ਭਾਸ਼ਾਈ ਅਤੇ ਖੇਤਰੀ ਝਗੜੇ ਮੁਕਾਉਣ ਲਈ ਫ਼ਰੀਦ ਬਾਣੀ ਦਾ ਪ੍ਰਚਾਰ ਅਤਿਅਵੱਸ਼ਕ ਹੈ। ਸੋ ਲੋੜ ਹੈ ਫ਼ਰੀਦ ਬਾਣੀ ਦੇ ਯੋਗ ਪ੍ਰਚਾਰ ਦੀ, ਬਾਣੀ ਨੂੰ ਸਮਝਣ ਦੀ ਅਤੇ ਜੀਵਨ ਵਿੱਚ ਢਾਲ਼ਣ ਦੀ, ਤਦੇ ਹੀ ਅਸੀਂ ਅਦਰਸ਼ਕ ਜੀਵਨ ਦਾ ਨਿਰਮਾਣ ਕਰ ਸਕਣ ਵਿੱਚ ਕਾਮਯਾਬ ਹੋ ਸਕਾਂਗੇ।

*****

ਸਮਾਪਤ

No comments:

Post a Comment