ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਇਸ ਕਾਲਮ ਸਬੰਧੀ ਆਈਆਂ ਟਿੱਪਣੀਆਂ / ਸੁਆਲਾਂ ਦੇ ਜਵਾਬ ਬਲਰਾਜ ਸਿੱਧੂ ਜੀ ਵੱਲੋਂ ਹੀ ਦਿੱਤੇ ਜਾਣਗੇ । ਕਿਰਪਾ ਕਰਕੇ ਆਪਣੇ ਵਿਚਾਰ ਆਰਸੀ ਨੂੰ ਈਮੇਲ ਕਰਕੇ ਹੀ ਭੇਜੋ ਜੀ। ਬਹੁਤ-ਬਹੁਤ ਸ਼ੁਕਰੀਆ।

Saturday, March 12, 2011

ਬਲਰਾਜ ਸਿੱਧੂ - ਸਿੱਖ ਸਾਹਿਤ ਦਾ ਸੂਰਜ: ਪ੍ਰੋ: ਪਿਆਰਾ ਸਿੰਘ ਪਦਮ - ਲੇਖ

ਸਿੱਖ ਸਾਹਿਤ ਦਾ ਸੂਰਜ: ਪ੍ਰੋ: ਪਿਆਰਾ ਸਿੰਘ ਪਦਮ

ਲੇਖ

ਪੰਜਾਬੀ ਸਾਹਿਤ ਦੇ ਇਤਿਹਾਸਕ ਖੇਤਰ ਤੇ ਖ਼ਾਸਕਰ ਸਿੱਖ ਸਾਹਿਤ ਦੇ ਚਿਤੇਰਿਆਂ ਅਤੇ ਰਚਨਾਕਾਰਾਂ ਦੀ ਮੂਹਰਲੀ ਕਤਾਰ ਵਿੱਚ ਜਿਹੜੇ ਨਾਵਾਂ ਦਾ ਜ਼ਿਕਰ ਆਉਂਦਾ ਹੈ, ਉਨ੍ਹਾਂ ਵਿੱਚੋਂ ਨਿਰਸੰਦੇਹ ਪ੍ਰੋ: ਪਿਆਰਾ ਸਿੰਘ ਪਦਮ ਜੀ ਵੀ ਇੱਕ ਹਨ। ਉਨ੍ਹਾਂ ਦਾ ਜਨਮ 28 ਦਸੰਬਰ 1921 ਨੂੰ ਸ: ਗੁਰਨਾਮ ਸਿੰਘ ਦੇ ਘਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਘੁੰਗਰਾਣਾ ਵਿਖੇ ਹੋਇਆ ਸੀ।

-----

ਮੁਢਲੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਪਦਮ ਜੀ ਨੇ ਹਿੰਦੀ ਦੀ ਪ੍ਰਭਾਕਰ ਅਤੇ ਪੰਜਾਬੀ ਦੀ ਗਿਆਨੀ ਕੀਤੀ। ਇਨ੍ਹਾਂ ਵਿਦਿਅਕ ਯੋਗਤਾਵਾਂ ਨੂੰ ਪ੍ਰਾਪਤ ਕਰਨ ਉਪਰੰਤ ਉਹ ਸਿੱਖ ਮਿਸ਼ਨਰੀ ਦਾ ਕੋਰਸ ਕਰਨ ਹਿੱਤ ਸਿੱਖ ਮਿਸ਼ਨਰੀ ਕਾਲਜ਼ ਅੰਮ੍ਰਿਤਸਰ ਵਿੱਚ ਦਾਖਲ ਹੋ ਗਏ। ਇੱਥੇ ਵਰਣਨਯੋਗ ਹੈ ਕਿ ਉਹ ਬਾਅਦ ਵਿੱਚ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਬਲਬੂਤੇ ਤੇ ਇਸੇ ਕਾਲਜ ਵਿੱਚ ਸਿੱਖ ਸਾਹਿਤ ਅਤੇ ਇਤਿਹਾਸ ਦੇ ਲੈਕਚਰਾਰ ਲੱਗ ਗਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਵੱਲੋਂ ਕੱਢੇ ਜਾਂਦੇ ਮਾਸਿਕ ਪੱਤਰ ਗੁਰਦੁਆਰਾ ਗਜ਼ਟ ਦੀ 1948-49 ਵਿੱਚ ਸੰਪਾਦਨਾ ਕਰਨ ਦਾ ਮਾਣ ਵੀ ਪਦਮ ਜੀ ਨੂੰ ਹਾਸਿਲ ਹੈ।

-----

ਪ੍ਰੋ: ਪਿਆਰਾ ਸਿੰਘ ਪਦਮ ਜੀ ਦੀ ਸਾਹਿਤਕ ਅਤੇ ਧਾਰਮਿਕ ਹਲਕਿਆਂ ਵਿੱਚ ਦਿਨੋਂ-ਦਿਨ ਹੋ ਰਹੀ ਚੜ੍ਹਤ ਦੇਖ ਕੇ ਭਾਸ਼ਾ ਵਿਭਾਗ ਪਟਿਆਲਾ ਵਾਲਿਆਂ ਨੇ 1950 ਦੇ ਅਪ੍ਰੈਲ ਮਹੀਨੇ ਵਿੱਚ ਉਨ੍ਹਾਂ ਨੂੰ ਕੁੰਡੀ ਪਾ ਕੇ ਆਪਣੇ ਵੱਲ ਐਸਾ ਖਿਚਿਆ ਕਿ ਉਸ ਤੋਂ ਬਾਅਦ ਦੀ ਗਾਲਬਨ ਸਾਰੀ ਹਯਾਤੀ ਉਹ ਪਟਿਆਲਾ ਸ਼ਹਿਰ ਵਿੱਚ ਹੀ ਟਿਕੇ ਰਹੇ। ਪਟਿਆਲੇ ਰਹਿੰਦਿਆਂ ਕੁਝ ਵਰ੍ਹੇ ਉਨ੍ਹਾਂ ਇਸੇ ਵਿਭਾਗ ਦੇ ਮਾਸਕ ਪੱਤਰ ਪੰਜਾਬੀ ਦੁਨੀਆਂ ਦੀ ਬੜੀ ਕਲਾ-ਕੁਸ਼ਲਤਾ ਨਾਲ ਸੰਪਾਦਕੀ ਕੀਤੀ ਤੇ ਫੇਰ ਉਨ੍ਹਾਂ ਆਪਣੇ ਆਪ ਨੂੰ ਵਿਭਾਗ ਦੇ ਹੋਰ ਸਾਹਿਤਕ ਕੰਮਾਂ ਵਿੱਚ ਉਲ਼ਝਾ ਲਿਆ। ਇਸ ਤਰ੍ਹਾਂ ਅਕਤੂਬਰ 1965 ਤੱਕ ਉਹ ਭਾਸ਼ਾ ਵਿਭਾਗ ਦਾ ਹੱਥ ਵਟਾਉਂਦੇ ਰਹੇ ਸਨ।

-----

ਅਕਤੂਬਰ 1965 ਤੋਂ ਲੈ ਕੇ ਜਨਵਰੀ 1983 ਤੱਕ ਪਦਮ ਜੀ ਪੰਜਾਬੀ ਯੂਨੀਵਰਸਟੀ ਪਟਿਆਲਾ ਵਿਖੇ ਉੱਚੇ ਅਤੇ ਸਨਮਾਨਯੋਗ ਆਹੁਦੇ ਉੱਤੇ ਨਿਯੁਕਤ ਰਹੇ। ਕੁੱਝ ਦੇਰ ਲਈ ਉਹ ਯੂਨੀਵਰਸਿਟੀ ਪਟਿਆਲਾ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਮੁੱਖੀ ਵੀ ਰਹਿ ਚੁੱਕੇ ਹਨ। ਨੌਕਰੀ ਉਤੋਂ ਸੇਵਾ ਮੁਕਤ ਹੋਣ ਮਗਰੋਂ ਵੀ ਪ੍ਰੋ: ਪਿਆਰਾ ਸਿੰਘ ਪਦਮ ਜੀ ਟਿਕ ਕੇ ਘਰੇ ਨਹੀਂ ਸਨ ਬੈਠੇ, ਸਗੋਂ ਉਹਨਾਂ ਨੇ ਆਪਣੇ ਆਪਨੂੰ ਸਾਹਿਤਕ ਕਾਰਜਾਂ ਵਿੱਚ ਪਹਿਲਾਂ ਨਾਲੋਂ ਵੀ ਵਧੇਰੇ ਮਸਰੂਫ਼ ਕਰ ਲਿਆ ਸੀ।

------

ਅਨੇਕਾਂ ਹੀ ਸਾਹਿਤ ਸੰਭਾਵਾਂ ਨੇ ਪਦਮ ਜੀ ਨੂੰ ਸਨਮਾਨਿਤ ਕਰਕੇ ਆਪਣਾ ਮਾਣ ਵਧਾਇਆ ਸੀ। ਜਿਨ੍ਹਾਂ ਵਿੱਚੋਂ ਪ੍ਰਮੁੱਖ ਨਾਮ ਇਸ ਪ੍ਰਕਾਰ ਹਨ:-

-ਪੰਜਾਬੀ ਸਾਹਿਤ ਅਕਾਦਮੀ (ਲੁਧਿਆਣਾ)

-ਪੰਜਾਬੀ ਸਾਹਿਤ ਟਰੱਸਟ (ਢੁੱਡੀਕੇ)

-ਪੰਜਾਬੀ ਸੱਥ ਲਾਂਬੜਾ (ਜਲੰਧਰ)

-ਹਾਸ਼ਮ ਯਾਦਗਾਰੀ ਟਰੱਸਟ, ਜਗਦੇਉ ਕਲਾਂ(ਅੰਮ੍ਰਿਤਸਰ)

(ਜੇਕਰ ਇੱਥੇ ਇੰਗਲੈਂਡ ਦੀ ਕਿਸੇ ਸੰਸਥਾ ਦਾ ਨਾਮ ਰਹਿ ਗਿਆ ਹੋਵੇ ਤਾਂ ਉਹ ਮੈਨੂੰ ਸਨਮਾਨਿਤ ਕਰਕੇ ਆਪਣਾ ਨਾਮ ਸ਼ਾਮਲ ਕਰਵਾ ਸਕਦੇ ਹਨ। -ਮਜ਼ਾਕ ਕਰਦਾਂ। ਗ਼ੁੱਸਾ ਨਾ ਕਰ ਜਾਇਉ!)

-ਸਿੱਖ ਆਰਟ ਐਂਡ ਕਲਚਰਲ ਸੁਸਾਇਟੀ (ਇੰਗਲੈਂਡ)

ਇਸ ਤੋਂ ਇਲਾਵਾ ਪਦਮ ਜੀ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਉਮਰ ਭਰ ਲਈ ਫੈਲੋਸ਼ਿਪ ਅਤੇ ਪੰਜਾਬ ਸਰਕਾਰ ਵੱਲੋਂ ਵਰ੍ਹਾਂ 2001 ਦਾ ਸ਼੍ਰੋਮਣੀ ਸਾਹਿਤਕਾਰ ਐਵਾਰਡ ਨਾਲ਼ ਸਨਮਾਨਿਆ ਗਿਆ।

-----

ਪ੍ਰੋ: ਪਿਆਰਾ ਸਿੰਘ ਪਦਮ ਜੀ ਦਾ ਕਲਮ ਸਭ ਤੋਂ ਪਸੰਦੀਦਾ ਸ਼ਬਦ ਸੀ ਅਤੇ ਇਸ ਸ਼ਬਦ ਨੂੰ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਵਿੱਚ ਵਾਰ-ਵਾਰ ਵਰਤਿਆ ਹੈ। ਆਪਣੀਆਂ ਕਈ ਪੁਸਤਕਾਂ ਦਾ ਨਾਮਕਰਨ ਵੀ ਉਨ੍ਹਾਂ ਨੇ ਇਸ ਲਫ਼ਜ਼ ਨਾਲ ਕੀਤਾ ਹੈ। ਉਦਾਹਰਣ ਦੇ ਤੌਰ ਤੇ ਕਲਮ ਦੇ ਚਮਤਕਾਰ ਅਤੇ ਕਲਮ ਦੇ ਧਨੀ ਆਦਿ। ਇਸ ਤੋਂ ਇਲਾਵਾ ਆਪਣੀ ਜਾਣ-ਪਛਾਣ ਲਈ ਛਾਪੀ ਗਈ ਦੁਵਰਕੀ ਦਾ ਟਾਇਟਲ ਵੀ ਪਦਮ ਜੀ ਨੇ ਕਲਮਨਾਮਾ ਰੱਖਿਆ ਸੀ। ਇੱਥੇ ਹੀ ਬਸ ਨਹੀਂ ਉਨ੍ਹਾਂ ਨੇ ਤਾਂ ਲੋਅਰ ਮਾਲ ਰੋਡ, ਪਟਿਆਲਾ ਉੱਤੇ ਸਥਿਤ ਆਪਣੇ ਮਕਾਨ ਦਾ ਨਾਮ ਵੀ ਕਲਮ ਮੰਦਿਰ ਧਰਿਆ ਹੋਇਆ ਸੀ।

-----

ਵੈਸੇ ਤਾਂ ਸਾਹਿਤ ਚਾਹੇ ਕਿਸੇ ਵੀ ਰੂਪ ਦਾ ਹੋਵੇ ਉਸਨੂੰ ਸਿਰਜਣਾ ਕਠਿਨ ਕਾਰਜ ਹੁੰਦਾ ਹੈ, ਪਰ ਫੇਰ ਵੀ ਸਮਕਾਲੀ ਘਟਨਾਵਾਂ ਉੱਤੇ ਅਧਾਰਿਤ ਜਾਂ ਅਜੋਕੇ ਜਨ-ਜੀਵਨ ਨੂੰ ਦਰਸਾਉਂਦੇ ਸਾਹਿਤ ਦੀ ਰਚਨਾ ਕਰਨੀ ਅਜੇ ਫੇਰ ਵੀ ਕੁਝ ਸਰਲ ਹੁੰਦੀ ਹੈ। ਇਤਿਹਾਸ ਨੂੰ ਬਿਆਨ ਕਰਨਾ ਔਖਾ ਹੁੰਦਾ ਹੈ ਅਤੇ ਗੁਆਚੇ ਹੋਏ ਇਤਿਹਾਸ ਲੱਭ ਕੇ ਲਿਖਣਾ ਤਾਂ ਬਿਲਕੁਲ ਹੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ। ਧੰਨ ਦੇ ਸਨ ਪਦਮ ਜੀ, ਜਿਹੜੇ ਜੀਵਨ ਭਰ ਇਹ ਮੁਸ਼ਕਿਲ ਕੰਮ ਕਰਦੇ ਰਹੇ ਤੇ ਅੰਤਿਮ ਸੁਆਸਾਂ ਤੱਕ ਉਨ੍ਹਾਂ ਨੇ ਆਪਣੀ ਕਲਮ ਨੂੰ ਅਰਾਮ ਨਹੀਂ ਕਰਨ ਦਿੱਤਾ।

-----

ਪ੍ਰੋ: ਪਿਆਰਾ ਸਿੰਘ ਪਦਮ ਜੀ ਬੜੇ ਸਿਰੜੀ ਅਤੇ ਮਿਹਨਤੀ ਸਨ। ਉਹਨਾਂ ਦੀ ਇਤਿਹਾਸ ਨੂੰ ਖੋਜਣ ਦੀ ਘਾਲਣਾ ਦਾ ਹੀ ਨਤੀਜਾ ਹੈ ਕਿ ਅੱਜ ਮੇਰੇ ਕੋਲ, ਮੇਰੇ ਸਟੱਡੀ-ਟੇਬਲ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਰਤਨ ਵਰਗੀ ਨਾਇਯਾਬ ਪੁਸਤਕ ਪਈ ਹੈ। ਇਸ ਕਿਤਾਬ ਵਿੱਚ ਉਨ੍ਹਾਂ ਨੇ ਪੂਰੇ 125 ਕਵੀਆਂ ਦੇ ਵੇਰਵੇ ਅੰਕਿਤ ਕਰਕੇ ਚਕ੍ਰਿਤ ਕਰ ਦਿੱਤਾ ਹੈ। ਵਰਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਬਾਰੇ ਸਾਡੀ ਜਾਣਕਾਰੀ 52 ਦੇ ਹਿੰਦਸੇ ਉੱਤੇ ਹੀ ਆ ਕੇ ਅੜ੍ਹਕ ਜਾਇਆ ਕਰਦੀ ਸੀ।

-----

ਪਦਮ ਜੀ ਨੇ ਗੁਣਾਤਮਕ ਅਤੇ ਗਿਣਾਤਮਕ ਪੱਖੋਂ ਅਨੇਕਾਂ ਲਾਸਾਨੀ ਮੱਲਾਂ ਮਾਰੀਆਂ ਹਨ। ਪ੍ਰਾਚੀਨ ਯੋਧਿਆਂ, ਵਿਦਵਾਨਾਂ ਅਤੇ ਗੁਰੂ ਸਹਿਬਾਨਾਂ ਦੇ ਉਨ੍ਹਾਂ ਨੇ ਸ਼ਲਾਘਾਯੋਗ ਕਲਮ ਚਿੱਤਰ ਉਲੀਕੇ ਹਨ। ਉਨ੍ਹਾਂ ਦੀ ਹਰੇਕ ਪੁਸਤਕ ਦੇ ਕਈ-ਕਈ ਐਡੀਸ਼ਨ ਛਪਦੇ ਰਹੇ ਸਨ ਤੇ ਹੁਣ ਵੀ ਛਪ ਰਹੇ ਹਨ। ਇੱਕ ਅੰਦਾਜ਼ੇ ਮੁਤਾਬਿਕ ਸਮੁੱਚੇ ਜੀਵਨ ਕਾਲ ਵਿੱਚ ਉਨ੍ਹਾਂ ਨੇ 80/82 ਦੇ ਕਰੀਬ ਪੁਸਤਕਾਂ ਰਚੀਆਂ ਹਨ। ਜਿਨ੍ਹਾਂ ਵਿੱਚੋਂ ਚੋਣਵੀਆਂ ਦੀ ਸੂਚੀ ਪੇਸ਼ ਹੈ:- ਸੰਖੇਪ ਸਿੱਖ ਇਤਿਹਾਸ, ਦਸਮ ਗ੍ਰੰਥ ਦਰਸ਼ਨ, ਪੰਜ ਦਰਿਆ, ਜ਼ਫ਼ਰਨਾਮਾ ਸਟੀਕ, ਕਲਾਮ ਭਾਈ ਨੰਦ ਲਾਲ, ਪੰਜਾਬੀ ਬੋਲੀ ਦਾ ਇਤਿਹਾਸ, ਗੁਰਮੁਖੀ ਲਿਪੀ ਦਾ ਇਤਿਹਾਸ, ਪੰਜਾਬੀ ਸਾਹਿਤ ਦੀ ਰੂਪਰੇਖਾ, ਪੰਜਾਬੀ ਡਾਇਰੈਕਟਰੀ, ਪੰਜਾਬੀ ਵਾਰਾਂ, ਪੰਜਾਬੀ ਬਾਰਾਂਮਾਹੇ, ਪੁਸ਼ਪਾਂਜਲੀ, ਖ਼ਲੀਲ ਜ਼ਿਬਰਾਨ ਦੇ ਬਚਨ ਬਿਲਾਸ, ਗੁਰੂ ਗ੍ਰੰਥ ਵਿਚਾਰ ਕੋਸ਼, ਗੁਰੂ ਗ੍ਰੰਥ ਸੰਕੇਤ ਕੋਸ਼, ਗੁਰੂ ਗ੍ਰੰਥ ਮਹਿਮਾ ਕੋਸ਼, ਮਿਰਜ਼ੇ ਦੀਆਂ ਸੱਦਾਂ।

-----

ਪ੍ਰੋ: ਪਿਆਰਾ ਸਿੰਘ ਪਦਮ ਦੀ ਰਚੀ ਪੁਸਤਕ ਆਦਿ ਗ੍ਰੰਥ ਦਰਸ਼ਨ ਮੈਂ ਸੱਜਰੀ ਪੜ੍ਹੀ ਹੈ। ਇਸ ਵਿੱਚ ਉਨ੍ਹਾਂ ਆਦਿ ਗ੍ਰੰਥ ਸਾਹਿਬ ਉੱਤੇ ਅਲਪ ਜਿਹੀ ਝਾਤ ਪਾਉਣ ਦਾ ਯਤਨ ਕੀਤਾ ਹੈ। ਭਾਵੇਂ ਕਿ ਇਸ ਤੋਂ ਪੂਰਬ ਆਪਣੀ ਕਿਤਾਬ ਸ਼੍ਰੀ ਗੁਰੂ ਗ੍ਰੰਥ ਪ੍ਰਕਾਸ਼ ਵਿੱਚ ਪਦਮ ਜੀ ਇਸੇ ਵਿਸ਼ੇ ਤੇ ਬੜੀ ਤਫ਼ਸੀਲ ਨਾਲ ਲਿਖ ਚੁੱਕੇ ਹਨ। ਪਰ ਫਿਰ ਵੀ ਇਸ ਵਿਚਾਰ ਅਧੀਨ ਪੁਸਤਕ ਵਿੱਚ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੇ ਕੁਝ ਖ਼ਾਸ ਪਹਿਲੂਆਂ ਤੇ ਆਪਣੇ ਦ੍ਰਿਸ਼ਟੀਕੋਣ ਤੋਂ ਰੌਸ਼ਨੀ ਪਾਉਣ ਦਾ ਯਤਨ ਕੀਤਾ ਹੈ। ਮੁੱਖ ਰੂਪ ਵਿੱਚ ਉਨ੍ਹਾਂ ਨੇ ਇਸ ਪੁਸਤਕ ਨੂੰ ਪੰਜ ਭਾਗਾਂ ਵਿੱਚ ਵੰਡਿਆ ਹੈ।

-----

(1 ) ਆਦਿ ਗੁਰੂ ਗ੍ਰੰਥ ਸਾਹਿਬ -ਇਸ ਭਾਗ ਵਿੱਚ ਉਨ੍ਹਾਂ ਨੇ ਆਦਿ ਗ੍ਰੰਥ ਸਾਹਿਬ ਦੀ ਮਹੱਤਤਾ ਅਤੇ ਗੁਣਾਂ ਦਾ ਉਲੇਖ ਕੀਤਾ ਹੈ। ਸਾਡੇ ਜੀਵਨ ਵਿੱਚ ਗੁਰੂ ਗ੍ਰੰਥ ਸਾਹਿਬ ਕਿਵੇਂ ਸਹਾਈ ਹੋ ਸਕਦਾ ਹੈ ਅਤੇ ਇਸ ਗ੍ਰੰਥ ਦੀ ਹੋਂਦ ਵਿੱਚ ਆਉਣ ਸੰਬੰਧੀ ਕਾਫੀ ਜਾਣਾਕਰੀ ਦਿੱਤੀ ਹੈ।

**

(2) ਆਦਿ ਗੁਰੂ ਗ੍ਰੰਥ ਦੇ ਰਹੱਸਵਾਦੀ ਕਵੀ -ਇਸ ਹਿੱਸੇ ਵਿੱਚ ਪ੍ਰੋ: ਪਿਆਰਾ ਸਿੰਘ ਪਦਮ ਜੀ ਨੇ ਉਨ੍ਹਾਂ ਕਵੀਆਂ ਦੇ ਸੰਖੇਪ ਜੀਵਨ ਬਿਓਰੇ ਅੰਕਿਤ ਕੀਤੇ ਹਨ, ਅਤੇ ਉਨ੍ਹਾਂ ਦੀਆਂ ਬਾਣੀਆਂ ਦੀ ਉਦਾਹਰਣਾਂ ਵੀ ਦਿੱਤੀਆਂ ਹਨ। ਜਿਨ੍ਹਾਂ ਦੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜਿਵੇਂ ਕਿ ਗੁਰੂ ਕਵੀ, ਭਗਤ ਕਵੀ ਅਤੇ ਭੱਟਾਂ ਹਨ। ਪ੍ਰੋ: ਪਿਆਰਾ ਸਿੰਘ ਪਦਮ ਜੀ ਅਨੁਸਾਰ ਗੁਰੂ ਗ੍ਰੰਥ ਵਿੱਚ 5894 ਸ਼ਬਦ ਹਨ। ਜਿਨ੍ਹਾਂ ਵਿੱਚੋਂ 4956 ਗੁਰੂਆਂ ਦੇ ਤੇ 938 ਭਗਤਾਂ ਅਤੇ ਭੱਟਾਂ ਦੇ ਹਨ। ਪਰ ਇਸ ਗਿਣਤੀ ਵਿੱਚ ਦੂਸਰੇ ਵਿਦਵਾਨ ਦੇ ਮਤਭੇਦ ਹਨ। ਜਿਵੇਂ ਕਿ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਇਹ ਸੰਖਿਆ 5867 ਬਣਦੀ ਹੈ।

**

(3) ਆਦਿ ਗ੍ਰੰਥ ਦੀ ਵਿਚਾਰਧਾਰਾ- ਇਥੇ ਪਦਮ ਜੀ ਨੇ ਆਦਿ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਵਿਸ਼ਲੇਸ਼ਣ ਕਰਕੇ ਸਿੱਧ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੂਸਰੇ ਧਾਰਮਿਕ ਗ੍ਰੰਥਾਂ ਤੋਂ ਕਿੱਥੋਂ, ਕਿਵੇਂ ਅਤੇ ਕਿਉਂ ਵੱਖਰਾ ਹੈ।

**

(4) ਆਦਿ ਗ੍ਰੰਥ ਸੰਸਕ੍ਰਿਤੀ ਤੇ ਕਲਾ- ਇਸ ਭਾਗ ਵਿੱਚ ਆਦਿ ਗ੍ਰੰਥ ਸਾਹਿਬ ਦੀ ਸਾਡੀ ਕਲਾ ਅਤੇ ਸੰਸਕ੍ਰਿਤੀ ਨੂੰ ਕੀ ਦੇਣ ਹੈ? ਇਸ ਵਿਸ਼ੇ ਉੱਤੇ ਕੇਂਦ੍ਰਿਤ ਹੈ।

**

(5) ਆਦਿ ਗ੍ਰੰਥ - ਇਸ ਭਾਗ ਵਿੱਚ ਪਦਮ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਾਰਥਿਕਤਾ ਅਤੇ ਉਪਦੇਸ਼ ਦਾ ਵਰਣਨ ਕੀਤਾ ਹੈ। ਅੰਤ ਵਿੱਚ ਇਸ ਪੁਸਤਕ ਵਿੱਚ ਪਦਮ ਜੀ ਨੇ ਮਹਾਨ ਸ਼ਖ਼ਸੀਅਤਾਂ ਅਤੇ ਵਿਦਵਾਨਾਂ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਵਿਚਾਰ ਸ਼ਾਮਿਲ ਕੀਤੇ ਹਨ।

-----

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਨ੍ਹਾਂ ਰਾਗਾਂ ਵਿੱਚ ਰਾਗਬੱਧ ਹੈ, ਇਸ ਪੁਸਤਕ ਵਿੱਚ ਉਨ੍ਹਾਂ 31 ਰਾਗਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਜਿਵੇਂ ਕਿ ਉਹ ਰਾਗ ਹਨ:- ਸ਼੍ਰੀ ਰਾਗ, ਮਾਝ, ਗਾਉੜੀ, ਆਸਾ, ਗੂਜਰੀ, ਦੇਵਗੰਧਾਰੀ, ਬਿਹਾਗੜਾ, ਵਡਹੰਸ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਬੈਰਾੜੀ, ਤਿਲੰਗ, ਸੂਹੀ, ਬਿਲਾਵਲ, ਗੌਂਡ, ਰਾਮਕਲੀ, ਨਟ, ਮਾਲੀਗਉੜਾ, ਮਾਰੂ, ਤੁਖਾਰੀ, ਕਿਦਾਰਾ, ਭੈਰਉ, ਬਸੰਤ, ਸਾਰੰਗ, ਮਲ੍ਹਾਰ, ਕਾਨੜਾ, ਕਲਿਆਨ, ਪ੍ਰਭਾਤੀ ਤੇ ਜੈਜਾਵੰਤੀ।

-----

ਇਸ ਤੋਂ ਇਲਾਵਾ ਅਤੇ ਪ੍ਰੋ: ਪਿਆਰਾ ਸਿੰਘ ਪਦਮ ਜੀ ਇਸ ਪੁਸਤਕ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਾਵਿ ਰੂਪਾਂ ਦਾ ਵੀ ਜ਼ਿਕਰ ਕਰਦੇ ਹਨ ਜੋ ਕਿ ਸਲੋਕ, ਪਾਉੜੀ, ਛੰਦ, ਵਾਰ, ਦੋਹਰਾ, ਅਸ਼ਟਪਦੀ, ਸਵੱਯੇ, ਬਾਰਾਂਮਾਹ, ਥਿਤੀ, ਪਹਰੇ, ਵਾਰ, ਪਟੀ, ਘੋੜੀਆਂ, ਅਲਾਹੁਣੀਆਂ ਤੇ ਕਰਹਲੇ ਆਦਿਕ ਹਨ।

-----

ਪ੍ਰੋ: ਪਿਆਰਾ ਸਿੰਘ ਪਦਮ ਜੀ ਕਲਮ ਹੀ ਵਧੀਆ ਨਹੀਂ ਸਨ ਚਲਾਉਂਦੇ, ਸਗੋਂ ਵਧੀਆ ਬੁਲਾਰੇ ਵੀ ਸਨ। ਜਦੋਂ ਉਹ ਸਟੇਜ ਤੇ ਚੜ੍ਹ ਕੇ ਬੋਲਦੇ ਤਾਂ ਐਸਾ ਰੰਗ ਬੰਨ੍ਹਦੇ ਕਿ ਸਰੋਤਿਆਂ ਨੂੰ ਕੁੱਲ ਆਲਮ ਭੁੱਲ ਜਾਂਦਾ ਹੁੰਦਾ ਸੀ। ਜਦੋਂ ਪਦਮ ਜੀ ਗੋਰੀ ਦੀਆਂ ਛਣਕਦੀਆਂ ਝਾਜਰਾਂ ਵਰਗੀ ਟਣਕਦੀ ਆਪਣੀ ਆਵਾਜ਼ ਵਿੱਚ ਇਤਿਹਾਸਕ ਅਤੇ ਗੁਰਬਾਣੀ ਦੇ ਹਵਾਲੇ ਦੇ ਕੇ ਦਲੀਲ ਦਿੰਦੇ ਤਾਂ ਵੱਡੇ-ਵੱਡੇ ਵਿਦਵਾਨ ਉਨ੍ਹਾਂ ਦੇ ਗਿਆਨ ਦਾ ਅਨੁਮਾਨ ਲਾਉਂਦੇ ਹੋਏ ਦੰਗ ਰਹਿ ਜਾਂਦੇ ਹੁੰਦੇ ਸਨ। ਪਦਮ ਜੀ ਨੇ ਮਨੁੱਖਾਂ ਵਾਲੇ ਕੰਮ ਨਹੀਂ ਬਲਕਿ ਸੰਸਥਾਵਾਂ ਵਾਲੇ ਕੰਮ ਕਰਕੇ ਦਿਖਾਏ ਹਨ। ਸਾਨੂੰ ਨਵੇਂ ਕਲਮਕਾਰਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਅਤੇ ਅਗਵਾਈ ਲੈਣੀ ਚਾਹੀਦੀ ਹੈ।

-----

ਭਾਵੇਂ ਕਿ ਸਿੱਖ ਇਤਿਹਾਸ ਅਤੇ ਗੁਰਮਿਤ ਸਾਹਿਤ ਨੂੰ ਕਲਮਬੰਦ ਕਰਨ ਵਾਲਾ ਇਹ ਪ੍ਰੋ: ਪਿਆਰਾ ਸਿੰਘ ਪਦਮ ਨਾਮ ਦਾ ਸੂਰਜ ਸੰਨ 2001 ਦੀ ਪਹਿਲੀ ਮਈ ਵਾਲੀ ਰਾਤ ਮੌਤ ਦੇ ਪਹਾੜਾਂ ਵਿੱਚ ਕਿਧਰੇ ਅਸਤ ਹੋ ਚੁੱਕਿਆ ਹੈ, ਫਿਰ ਵੀ ਇਸ ਸੂਰਜ ਦੀਆਂ ਛੱਡੀਆਂ ਪੁਸਤਕਾਂ ਰੂਪੀ ਕਿਰਨਾਂ ਦੀ ਤਪਸ਼ ਸਾਡੀ ਜ਼ਿੰਦਗੀ ਦੇ ਸਰਦ ਪਲਾਂ ਨੂੰ ਹਮੇਸ਼ਾਂ ਗਰਮਾਉਂਦੀ ਰਹੇਗੀ। ਪੰਜਾਬੀ ਪਾਠਕਾਂ ਦੇ ਮਨਾਂ ਵਿੱਚ ਇਹ ਸੂਰਜ ਸਦੈਵ ਚੜ੍ਹਿਆ ਰਹੇਗਾ ਤੇ ਮੇਰੇ ਵੱਲੋਂ ਸਿੱਖ ਸਾਹਿਤ ਦੇ ਇਸ ਮਹਾਨ ਅਤੇ ਵਿਸ਼ਾਲ ਆਫਤਾਬ ਨੂੰ ਇਨ੍ਹਾਂ ਸ਼ਬਦਾਂ ਦਾ ਅਰਘ!

******

ਨੋਟ: ਇਹ ਲੇਖ ਕੁਝ ਵਰ੍ਹੇ ਪਹਿਲਾਂ ਲਿਖਿਆ ਗਿਆ ਹੈ ਬਲਰਾਜ ਸਿੱਧੂ

Saturday, September 25, 2010

ਬਲਰਾਜ ਸਿੱਧੂ - ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ – ਲੇਖ – ਭਾਗ ਪਹਿਲਾ

ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ

ਲੇਖ ਭਾਗ ਪਹਿਲਾ

ਇਤਿਹਾਸ ਗਵਾਹ ਹੈ ਜਦੋਂ ਕਦੇ ਵੀ ਅੱਤਿਆਚਾਰ, ਕੁਕਰਮ, ਪਾਪ, ਜ਼ੁਲਮ-ਜਬਰ ਵਧੇ ਹਨ, ਬਦੀਆਂ ਨੇਕੀਆਂ ਤੇ ਹਾਵੀ ਹੋਈਆਂ ਹਨ, ਸ਼ਾਤੀ ਭੰਗ ਹੋ ਕੇ ਅਸ਼ਾਂਤੀ ਵਧਣ ਫੁੱਲਣ ਲੱਗੀ ਹੈ, ਪਰਮਾਤਮਾ ਨੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ, ਫ਼ਕੀਰ, ਔਲ਼ੀਏ ਭਾਵ ਕਿ ਕਿਸੇ ਮਹਾਨ ਸ਼ਖ਼ਸੀਅਤ ਨੂੰ ਸ਼ਾਂਤੀ ਦੂਤ ਬਣਾ ਕੇ ਅਮਨ ਦੀ ਸਥਾਪਨਾ ਕਰਨ ਅਤੇ ਕੁਰਾਹੇ ਪਈ ਖ਼ਲਕਤ ਦਾ ਮਾਰਗ ਦਰਸ਼ਨ ਕਰਨ ਲਈ ਧਰਤੀ ਤੇ ਭੇਜਿਆ ਹੈ। ਬਾਬਾ ਸ਼ੇਖ ਫ਼ਰੀਦ ਜੀ ਵੀ ਇੱਕ ਅਜਿਹੀ ਹੀ ਮਹਾਨ ਆਤਮਾ ਸਨ, ਜੋ ਸ਼ਾਂਤੀ ਦਾ ਪੈਗ਼ਾਮ ਵੰਡਣ ਇਸ ਦੁਨੀਆਂ ਤੇ ਆਏ। ਇਸੇ ਲਈ ਸ਼੍ਰ: ਜਗਮੋਹਨ ਸਿੰਘ ਬਰਾੜ ਨੇ ਫ਼ਰੀਦ ਜੀ ਨੂੰ ਪ੍ਰੇਮ ਅਤੇ ਏਕਤਾ ਦਾ ਚਾਨਣ ਮੁਨਾਰਾਆਖਿਆ ਹੈ।

-----

ਜਿਸ ਕਾਲ ਵਿੱਚ ਉਹ ਵਿਚਰੇ ਉਸ ਵੇਲੇ ਵੀ ਸਮਾਜਿਕ, ਰਾਜਨੀਤਿਕ ਅਤੇ ਸਾਂਸਕ੍ਰਿਤਕ ਹਾਲਾਤ ਬਹੁਤੇ ਸੁਖਾਵੇਂ ਨਹੀਂ ਸਨ। ਸ਼ੇਖ਼ ਫ਼ਰੀਦ ਜੀ ਬਾਰ੍ਹਵੀਂ ਸਦੀ ਵਿੱਚ ਵਿਚਰੇ ਜਦੋਂ ਮੌਲਵੀਆਂ, ਉਲਮਾਂ ਅਤੇ ਕਾਜ਼ੀਆਂ ਦਾ ਬੋਲਬਾਲਾ ਅਤੇ ਕੱਟੜਪੰਥੀਆਂ ਦਾ ਜ਼ੋਰ-ਜਬਰ ਚਲਦਾ ਸੀ। ਹਿੰਦੁਸਤਾਨ ਵਿੱਚ ਮੁਸਲਮਾਨਾਂ ਦਾ ਰਾਜ ਅਜੇ ਸੱਜਰਾ ਹੀ ਸਥਾਪਿਤ ਹੋਇਆ ਸੀ। ਮੁਸਲਮਾਨਾਂ ਵਿੱਚ ਆਪਣੇ ਮਜ਼ਹਬ ਦੀਆਂ ਸ਼ਾਖਾਵਾਂ ਨੂੰ ਫੈਲਾਉਣ ਦੀ ਹਵਸ ਸੀ। ਉਹ ਆਪਣੇ ਧਰਮ ਨੂੰ ਦੂਜੇ ਧਰਮਾਂ ਦੀ ਤੁਲਨਾ ਵਿੱਚ ਸਰਵਉਤਮ ਖ਼ਿਆਲ ਕਰਦੇ ਸਨ। ਉਹ ਚਾਹੁੰਦੇ ਸਨ ਕਿ ਸਾਰੇ ਸੰਤ-ਫ਼ਕੀਰ ਆਪਣੇ ਪ੍ਰਚਾਰ ਦੁਆਰਾ ਇਸਲਾਮ ਨੂੰ ਸਰਵਸ਼੍ਰੇਸ਼ਠ ਧਰਮ ਸਿੱਧ ਕਰਨ ਤਾਂ ਕਿ ਹਿੰਦੋਸਤਾਨ ਵਿੱਚੋਂ ਬਾਕੀ ਦੇ ਧਰਮ ਅਲੋਪ ਜਾਣ। ਜਿਹੜੇ ਫ਼ਕੀਰ ਮਾਨਵੀ ਏਕਤਾ ਅਤੇ ਸਾਂਝੀਵਾਲਤਾ ਦੀ ਗੱਲ ਕਰਦੇ ਸਨ। ਉਹ ਇਸਲਾਮੀ ਅਧਿਕਾਰੀਆਂ ਦੀ ਨਫ਼ਰਤ ਦੇ ਖੱਟਦੇ ਸਨ ਅਤੇ ਉਨ੍ਹਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।

-----

ਬਾਰ੍ਹਵੀਂ-ਤੇਰ੍ਹਵੀਂ ਸਦੀ ਵਿੱਚ ਕੇਵਲ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਹੀ ਟਕਰਾਉ ਨਹੀਂ ਸੀ। ਸਗੋਂ ਤੁਰਕਾਂ ਨੇ ਵੀ ਉਤਰੀ ਭਾਰਤ ਵਿੱਚ ਕਹਿਰ ਮਚਾਇਆ ਹੋਇਆ ਸੀ। ਮੁਸਲਮਾਨਾਂ ਵਿੱਚ ਤੁਰਕੀ ਮੁਸਲਮਾਨ ਅਤੇ ਗ਼ੈਰ-ਤੁਰਕੀ ਮੁਸਲਮਾਨਾਂ ਵਿੱਚ ਕਾਫ਼ੀ ਮਤਭੇਦ ਸਨ। ਤੁਰਕੀ ਹੁਕਮਰਾਨਾਂ ਨੂੰ ਇਹ ਹਰਗਿਜ਼ ਗਵਾਰਾ ਨਹੀਂ ਸੀ ਕਿ ਕਸ਼ਮੀਰ ਦੇ ਮੁਸਲਮਾਨਾਂ ਬੁੱਧ ਪ੍ਰਤੀ ਸ਼ਰਧਾ ਦੀ ਭਾਵਨਾ ਰੱਖਣ, ਪੱਛਮੀ ਭਾਰਤ ਵਿੱਚ ਮੁਸਲਮਾਨ ਹਿੰਦੂ ਦੇਵਤਿਆਂ ਦਾ ਸਤਿਕਾਰ ਕਰਨ ਤੇ ਬੰਗਾਲ ਵਿੱਚ ਮੁਸਲਮਾਨ ਸ਼ੀਤਲਾ ਮਾਤਾ ਦੀ ਉਪਾਸਨਾ ਕਰਨ। ਭਾਰਤ ਵਿੱਚ ਕੱਟੜ ਮੁਸਲਿਮ ਸੱਤਾ ਨੂੰ ਸ਼ੀਆ ਮੁਸਲਮਾਨਾਂ ਤੋਂ ਕਾਫ਼ੀ ਵਿਰੋਧਤਾ ਮਿਲੀ। ਕਿਉਂਕਿ ਸ਼ੀਆ ਮੁਸਲਮਾਨਾਂ ਦੀ ਸਿੱਖਿਆ ਵਿੱਚ ਪਿਆਰ ਤੇ ਭਾਈਚਾਰੇ ਦਾ ਸੰਦੇਸ਼ ਸੀ। ਇਸ ਤਰ੍ਹਾਂ ਸੁੰਨੀ ਅਤੇ ਸ਼ੀਆ ਮੁਸਲਮਾਨ ਧੜਿਆਂ ਦੇ ਆਪਸ ਵਿੱਚ ਸਿੰਗ ਫਸੇ ਹੋਏ ਸਨ। ਜਿਸ ਨਾਲ ਸਮਾਜਿਕ ਮਾਹੌਲ ਪ੍ਰਦੂਸ਼ਿਤ ਹੋਇਆ ਹੋਇਆ ਸੀ।

-----

ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਅਤੇ ਅਸੰਗਤੀਆਂ ਨਾਲ ਭਰਪੂਰ ਬਾਰ੍ਹਵੀਂ-ਤੇਰ੍ਹਵੀਂ ਸਦੀ ਦਾ ਵਰਣਨ ਕਰਦੇ ਹੋਏ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਪੁਸਤਕ ‘Glimpes Of World History & Discovery Of India’ ਵਿੱਚ ਵੀ ਇਸ ਦਾ ਸੰਕੇਤ ਕਰਦਿਆਂ ਲਿਖਿਆ ਹੈ ਕਿ ਉਸ ਵੇਲੇ ਭਾਰਤ ਵਿੱਚ ਬਾਹਰਲੇ ਹਮਲਿਆਂ ਕਾਰਨ ਇਫਰਾ-ਤਿਫਰੀ ਫ਼ੈਲੀ ਹੋਈ ਸੀ। ਅਫ਼ਗਾਨੀ ਮੁਸਲਮਾਨ ਇੰਡੋ-ਆਰੀਅਨ ਹੋਣ ਕਰਕੇ ਅਨੇਕਾਂ ਮੱਤਭੇਦ ਪੈਦਾ ਹੋ ਗਏ ਸਨ। ਚਾਰੇ ਪਾਸੇ ਹਾਹਾਕਾਰ ਮੱਚੀ ਹੋਈ ਸੀ।

------

ਇਸ ਤੋਂ ਇਲਾਵਾ ਉਸ ਸਮੇਂ ਦੇ ਸਮਾਜਿਕ ਅਤੇ ਰਾਜਸੀ ਢਾਂਚੇ ਵਿੱਚ ਬੇਸ਼ੁਮਾਰ ਵਿਗਾੜ ਸਨ। ਲੋਕ ਅਗਿਆਨਤਾ ਦੇ ਹਨੇਰੇ ਖੂਹ ਵਿੱਚ ਡਿੱਗੇ ਹੋਏ ਸਨ। ਜੋਗੀਆਂ ਅਤੇ ਨਾਥਾਂ ਨੇ ਖ਼ਲਕਤ ਨੂੰ ਆਪਣੇ ਮਾਇਆ ਜਾਲ ਵਿੱਚ ਜਕੜ ਕੇ ਰੱਖਿਆ ਹੋਇਆ ਸੀ।

-----

ਸੰਸਕ੍ਰਿਤ ਦੀ ਇੱਕ ਪੰਗਤੀ ਹੈ ਕਿ ਪਰੋਉਪਕਾਰਯ ਸਤਯ ਵਿਭੂਤਯਮਤਲਵ ਕਿ ਸੱਜਣ ਪੁਰਖਾਂ ਦੀ ਸਿਰਜਣਾ ਪਰੋਉਪਕਾਰ ਲਈ ਹੁੰਦੀ ਹੈ। ਲੋਕਾਂ ਦੇ ਇਖ਼ਲਾਕ ਨੂੰ ਉੱਚਾ ਚੁੱਕਣ ਅਤੇ ਮਨੁੱਖ ਅੰਦਰ ਮਾਨਵਤਾ ਨੂੰ ਜਾਗ੍ਰਿਤ ਕਰਨ ਲਈ ਉਸ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਫ਼ਰੀਦ ਜੀ ਨੇ ਵੱਖਰਾ ਮੱਤ ਪੈਦਾ ਕਰਨ ਨਾਲੋਂ ਬਿਹਤਰ ਇਹੋ ਸਮਝਿਆ ਕਿ ਪ੍ਰਚੱਲਿਤ ਮਤਾਂ ਵਿੱਚੋ ਹੀ ਚੰਗਿਆਈਆਂ ਨੂੰ ਉਭਾਰ ਕੇ ਸਾਹਮਣੇ ਲਿਆਂਦਾ ਜਾਵੇ। ਇਸ ਕਰਕੇ ਉਨ੍ਹਾਂ ਨੇ ਸੂਫ਼ੀਵਾਦ ਦੇ ਸਿਧਾਤਾਂ ਉੱਤੇ ਜੀਵਨ ਭਰ ਪਹਿਰਾ ਦਿੱਤਾ ਅਤੇ ਉਸੇ ਦਾ ਹੀ ਪ੍ਰਚਾਰ ਕੀਤਾ।

-----

ਬਾਰ੍ਹਵੀਂ ਸ਼ਤਾਬਦੀ ਵਿੱਚ ਜਦੋਂ ਚੰਗੇਜ਼ ਖ਼ਾਨ ਨੇ ਗ਼ਜ਼ਨੀ ਤੇ ਧਾਵਾ ਬੋਲਿਆ ਤਾਂ ਸ਼ੇਖ ਫ਼ਰੀਦ ਜੀ ਦਾ ਪੜਦਾਦਾ ਤੇ ਕਈ ਹੋਰ ਨਜ਼ਦੀਕੀ ਬਜ਼ੁਰਗ ਜੰਗ ਵਿੱਚ ਹੀ ਸ਼ਹੀਦੀਆਂ ਪਾ ਗਏ। ਉਸ ਉਪਰੰਤ ਫ਼ਰੀਦ ਜੀ ਦੇ ਦਾਦੇ ਕਾਜ਼ੀ ਸੁਐਬ (ਸਾਯੀਬ) ਦਾ ਗ਼ਜ਼ਨੀ ਰਹਿਣਾ ਖ਼ਤਰੇ ਤੋਂ ਖ਼ਾਲੀ ਨਾ ਰਿਹਾ ਤੇ ਉਹ ਪਰਿਵਾਰ ਸਮੇਤ ਕਾਬੁਲ ਜਾ ਵਸੇ। ਪਰੰਤੂ ਕਾਬੁਲ ਵਿੱਚ ਵੀ ਹਾਲਾਤ ਬਹੁਤੇ ਸੰਤੋਸ਼ਜਨਕ ਨਹੀਂ ਸਨ। ਮਜਬੂਰਨ ਬਾਰ੍ਹਵੀਂ ਸਦੀ ਦੇ ਅੱਧ (1150-51) ਵਿੱਚ ਉਹਨਾਂ ਨੂੰ ਆਪਣੇ ਤਿੰਨ ਪੁੱਤਰਾਂ ਸਮੇਤ ਕਾਬਲ ਤੋਂ ਉੱਜੜ ਕੇ ਲਾਹੌਰ, ਸਇਅਦ ਅਲੀ ਹਜ਼ੀਰਵੀ, ਦਾਤਾ ਗੰਜ ਬਖ਼ਸ਼ ਦੇ ਦੁਆਰ ਤੇ ਆਉਣਾ ਪਿਆ। ਉਥੋਂ ਸੁਐਬ, ਕਸੂਰ ਚਲੇ ਗਏ ਤੇ ਕਸੂਰ ਦੇ ਨਵਾਬ ਨੇ ਸੁਐਬ ਨੂੰ ਕੋਤਵਾਲ ਬਣਾ ਦਿੱਤਾ।

-----

ਕਸੂਰ ਹੀ ਸੁਐਬ ਨੇ ਆਪਣੇ ਬੇਟੇ ਜਮਾਲ-ਉਦ-ਦੀਨ ਸੁਲ੍ਹੇਮਾਨ (ਜਮਾਲੂਦੀਨ) ਦੀ ਸ਼ਾਦੀ ਕੁਰਸੂਮ(ਮਰੀਅਮ) ਨਾਂ ਦੀ ਇੱਕ ਧਾਰਮਿਕ ਖ਼ਿਆਲਾਂ ਵਾਲੀ ਇਸਤਰੀ ਨਾਲ ਕਰ ਦਿੱਤੀ। ਪਰ ਕਸੂਰ ਵੀ ਸੁਐਬ ਜ਼ਿਆਦਾ ਦੇਰ ਨਾ ਟਿਕ ਸਕੇ ਤੇ ਮੁਲਤਾਨ ਨੇੜੇ ਪਾਕਿਸਤਾਨ ਵਾਲੇ ਪੰਜਾਬ ਦੇ ਇੱਕ ਪਿੰਡ ਖੋਤੇਵਾਲ ( ਕਈਆਂ ਲੇਖਕਾਂ ਨੇ ਆਪਣੀਆਂ ਰਚਨਾਵਾਂ ਵਿੱਚ ਇਸ ਪਿੰਡ ਦਾ ਨਾਮ ਖੇਤਵਾਲ, ਖੋਤਵਾਲ, ਖੋਟਵਾਲ, ਖੱਤਵਾਲ, ਖੋਤੀਵਾਲ ਆਦਿ ਲਿਖ ਦਿੱਤੇ ਹਨ। ਪਰ ਇਸਦਾ ਅਸਲ ਨਾਮ ਖੋਤੇਵਾਲੇ ਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਹੁਣ ਖੋਤੇਵਾਲ ਤੋਂ ਵਿਗੜ ਕੇ ਇਸਦਾ ਨਵਾਂ ਨਾਮ ਕੋਠੇਵਾਲ ਪੈ ਗਿਆ ਹੈ। ਇਸ ਜਗ੍ਹਾਂ ਫ਼ਰੀਦ ਜੀ ਦੇ ਪਿਤਾ ਤੇ ਚਾਚਾ ਮੁਅਜ਼ੁਦੀਨ ਦੀਆਂ ਕ਼ਬਰਾਂ ਵੀ ਇੱਕ ਪੁਰਾਣੀ ਮਸੀਤ ਵਿੱਚ ਮੌਜੂਦ ਹਨ ) ਜਾ ਡੇਰੇ ਲਾਏ। ਫਿਰ ਬਾਅਦ ਵਿੱਚ ਕਿਸੇ ਮੁਸਲਮਾਨ ਬਾਦਸ਼ਾਹ ਨੇ ਉਹਨਾਂ ਨੂੰ ਖੋਤੇਵਾਲ ਦਾ ਕਾਜ਼ੀ ਮੁਕੱਰਰ ਕਰ ਦਿੱਤਾ ਸੀ। ਇੱਥੇ ਰਹਿੰਦਿਆਂ ਹੀ ਜਮਾਲ-ਉਦ-ਦੀਨ ਦੇ ਘਰ, ਬੀਬੀ ਕੁਰਸੂਮ ਦੀ ਕੁੱਖੋਂ ਤਿੰਨ ਪੁੱਤਰਾਂ ਇਜ਼ੁਦੀਨ ਮਹਿਮੂਦ, ਫ਼ਰੀਦੁਦੀਨ ਮਸਉਦ (ਸ਼ੇਖ਼ ਫ਼ਰੀਦ ਜੀ), ਨਜੀਬੁਬਦੀਨ ਅਤੇ ਇੱਕ ਲੜਕੀ ਨੇ ਜਨਮ ਲਿਆ।

-----

ਬਾਬਾ ਸ਼ੇਖ਼ ਫ਼ਰੀਦ ਜੀ ਦਾ ਜਨਮ ਪ੍ਰਸਿੱਧ ਇਤਿਹਾਸਕਾਰ ਹੈਨਰੀ ਜੌਰਜ ਕੀਨ, ਥੌਮਸ, ਵਿਲਿਅਮ ਅਤੇ ਡਾ: ਬੀਐਲ ਦੀਆਂ ਖੋਜਾਂ ਦੇ ਮੁਤਾਬਕ 1173 (ਹਿਜਰੀ 569) ਨੂੰ ਤੇ ਦਿਹਾਂਤ 17 ਅਕਤੂਬਰ, 1265 ਨੂੰ 92 ਸਾਲ ਦੀ ਉਮਰ ਵਿੱਚ ਮੁਹੱਰਮ ਦੀ 5 ਤਾਰੀਖ ਮੰਗਲਵਾਰ 664 ਹੋਇਆ ਸੀ। ਪਰੰਤੂ ਪਾਕਪਟਨ ਫ਼ਰੀਦ ਜੀ ਦੀ ਕਬਰ ਉੱਤੇ ਵਲਾਦਤ (ਜਨਮ ਸੰਨ) 569 ਹਿਜਰੀ ਤੇ ਵਸਾਲ (ਦੇਹਾਂਤ) 5 ਮੁਹੱਰਮ 664 ਹਿਜਰੀ ਲਿਖਿਆ ਹੋਇਆ ਹੈ। ਖੋਜਕਾਰ ਮੁਹੰਮਦ ਆਸਿਫ਼ ਖਾਂ ਅਨੁਸਾਰ ਫ਼ਰੀਦ ਜੀ ਦਾ ਜਨਮ 584 ਹਿਜਰੀ (1188 ਈਸਵੀ) ਅਤੇ ਫੌਤ 5 ਮੁਹੱਰਮ 679 ਹਿਜਰੀ (7 ਮਈ 1280 ਈਸਵੀ) ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਇਤਿਹਾਸਕ ਕਿਤਾਬਾਂ ਵਿੱਚ ਮੌਤ ਦੇ ਸੰਨ ਦੀ ਭਿੰਨਤਾ ਹੋਣ ਦੇ ਬਾਵਜੂਦ ਵੀ ਇੱਕ ਗੱਲ ਜੋ ਹਰ ਜਗ੍ਹਾ ਸਾਂਝੀ ਮਿਲਦੀ ਹੈ। ਉਹ ਇਹ ਹੈ ਕਿ ਫ਼ਰੀਦ ਜੀ ਦੀ ਮੌਤ ਵਾਲੇ ਦਿਨ ਮੰਗਲਵਾਰ ਸੀ ਅਤੇ ਉਸ ਦਿਨ ਇਸਲਾਮੀ ਸਾਲ ਹਿਜਰੀ ਦੇ ਪਹਿਲੇ ਮਹੀਨੇ ਮੁਹੱਰਮ ਦੀ 5 ਤਾਰੀਖ ਸੀ। ਇੱਕ ਵਿਦਵਾਨ ਅਨੁਸਾਰ ਦੱਸੀਆਂ ਜਾਣ ਵਾਲੀਆਂ ਦਿਹਾਂਤ ਦੀਆਂ ਤਾਰੀਖਾਂ ਵਿੱਚ 5 ਮੁਹੱਰਮ ਨੂੰ ਮੰਗਲਵਾਰ ਦਾ ਦਿਨ ਸਿਰਫ਼ 7 ਮਈ 1280 ਈਸਵੀ ਨੂੰ ਹੀ ਆਇਆ ਸੀ। ਇਸ ਲਈ ਇਹ ਤਾਰੀਖ ਹੀ ਸਭ ਵੱਧ ਢੁਕਵੀਂ ਅਤੇ ਪ੍ਰਮਾਣਿਕ ਹੈ। ਇਸ ਲੇਖ ਨੂੰ ਲਿਖਣ ਲਈ ਜਿਨ੍ਹਾਂ ਅਠਾਰਾਂ ਕਿਤਾਬਾਂ ਦੇ ਅਧਿਐਨ ਕਾਰਜ ਵਿੱਚੋਂ ਮੈਂ ਗੁਜ਼ਰਿਆ ਹਾਂ, ਉਨ੍ਹਾਂ ਵਿੱਚੋਂ ਵਧੇਰੇ ਨੇ ਇਸੇ ਤਾਰੀਕਾਂ ਦੀ ਹੀ ਤਸਦੀਕ ਕੀਤੀ ਹੈ।

-----

ਭਾਵੇਂ ਫ਼ਰੀਦ ਜੀ ਦੇ ਦਾਦਾ ਜੀ ਗਿਆਨੀ ਪੁਰਸ਼ ਸਨ, ਬਾਪ ਰੱਬ ਦਾ ਨਾਮ ਜਪਣ ਵਾਲਾ ਵਿਅਕਤੀ ਸੀ। ਪਰ ਫੇਰ ਵੀ ਫ਼ਰੀਦ ਜੀ ਦੀ ਸ਼ਖ਼ਸੀਅਤ ਤੇ ਵਧੇਰੇ ਪ੍ਰਭਾਵ ਉਹਨਾਂ ਦੀ ਮਾਤਾ ਜੀ ਦਾ ਹੀ ਪਿਆ। ਉਹਨਾਂ ਦੀਆਂ ਸਿਖਿਆਵਾਂ ਸਦਕਾ ਫ਼ਰੀਦ ਜੀ ਦੇ ਮਨ ਵਿੱਚ ਤਿਆਗ ਅਤੇ ਬੰਦਗੀ ਭਾਵਾਂ ਨੇ ਮੁਕਾਮ ਕਰ ਲਿਆ। ਮਾਂ ਦੁਆਰਾ ਦਿਖਾਏ ਮਾਰਗ ਤੇ ਚਲਦਿਆਂ ਫ਼ਰੀਦ ਜੀ ਪੜਾਅ-ਦਰ-ਪੜਾਅ ਆਪਣੀ ਹਿਯਾਤੀ ਵਿੱਚ ਧਾਰਮਿਕਤਾ ਅਤੇ ਸਦਾਚਾਰ ਦੇ ਸ੍ਰੇਸ਼ਟ ਗੁਣ ਧਾਰਨ ਕਰਦੇ ਚਲੇ ਗਏ। ਫ਼ਰੀਦ ਜੀ ਦੀ ਸ਼ਖ਼ਸੀਅਤ ਨੂੰ ਨਿਖਾਰਨ ਲਈ ਉਹਨਾਂ ਦੀ ਮਾਤਾ ਜੀ ਦੇ ਯੋਗਦਾਨ ਨੂੰ ਦੇਖ ਕੇ ਹੀ ਉਨ੍ਹਾਂ ਨੂੰ ਸੰਸਾਰ ਵਿਚਲੀਆਂ ਢਾਈ ਮਾਵਾਂ ਵਿਚੋਂ ਇੱਕ ਹੋਣ ਦਾ ਦਰਜਾ ਦਿੱਤਾ ਜਾਂਦਾ ਹੈ। ( ਇੱਕ ਕਥਨ ਹੈ ਕਿ ਦੁਨੀਆਂ ਵਿੱਚ ਕੁੱਲ ਢਾਈ ਮਾਵਾਂ ਹੀ ਹਨ। ਇੱਕ ਫ਼ਰੀਦ ਦੀ, ਦੂਜੀ ਧਰੂ ਭਗਤ ਦੀ ਅਤੇ ਅੱਧੀ ਗੋਪੀ ਚੰਦ ਦੀ। ਕਿਉਂਕਿ ਗੋਪੀ ਚੰਦ ਦੀ ਮਾਂ ਬੇਟੇ ਨੂੰ ਪ੍ਰਭੂ ਪਾਸੇ ਲਗਾ ਕੇ, ਪਿੱਛੋਂ ਵਿਛੋੜੇ ਵਿੱਚ ਵਿਰਲਾਪ ਕਰਨ ਲੱਗ ਪਈ ਸੀ। ) ਫ਼ਰੀਦ ਜੀ ਨੂੰ ਉਹਨਾਂ ਦੇ ਮਾਤਾ ਜੀ ਲੋਰੀਆਂ ਵੀ ਕੁਰਾਨ ਦੀਆਂ ਆਇਤਾਂ ਪੜ੍ਹ ਕੇ ਦੇਂਦੇ ਸਨ। ਉਹ ਰੋਜ਼ਾਨਾ ਫ਼ਰੀਦ ਜੀ ਨੂੰ ਹਦੀਸਾਂ ਦੀਆਂ ਕਥਾਵਾਂ ਸੁਣਾਇਆ ਕਰਦੇ ਸਨ। ਨਮਾਜ਼ ਵਿੱਚ ਫ਼ਰੀਦ ਜੀ ਦਾ ਦਿਲ ਲਵਾਉਣ ਲਈ ਨਿੱਤ ਮੁਸੱਲੇ (ਚਟਾਈ) ਹੇਠਾਂ ਸ਼ੱਕਰ ਰੱਖ ਦੇਂਦੇ ਸਨ। ਕਹਿੰਦੇ ਨੇ ਕਿ ਇੱਕ ਦਿਨ ਨਮਾਜ਼ ਸਮੇਂ ਮਾਂ ਸ਼ੱਕਰ ਰੱਖਣਾ ਭੁੱਲ ਗਈ। ਪਰ ਜਦੋਂ ਆਦਤ ਅਨੁਸਾਰ ਚਟਾਈ ਹੇਠਾਂ ਹੱਥ ਮਾਰ ਕੇ ਸ਼ੱਕਰ ਦੀ ਥਾਂ ਫ਼ਰੀਦ ਜੀ ਨੇ ਮਿੱਟੀ ਮੂੰਹ ਪਾਈ ਤਾਂ ਉਹਨਾਂ ਨੂੰ ਉਹ ਵੀ ਮਿੱਠੀ ਮਿੱਠੀ ਲੱਗੀ ਤੇ ਪਤਾ ਹੀ ਨਾ ਚੱਲਿਆ ਕਿ ਉਹ ਸ਼ੱਕਰ ਖਾ ਰਹੇ ਹਨ ਜਾਂ ਮਿੱਟੀ। ਫ਼ਰੀਦ ਜੀ ਪ੍ਰਭੂ ਭਗਤੀ ਵਿੱਚ ਇਸ ਕਦਰ ਲੀਨ ਹੋ ਚੁੱਕੇ ਸਨ ਕਿ ਉਨ੍ਹਾਂ ਨੂੰ ਨਾਮ ਦੇ ਰਸ ਤੋਂ ਸਿਵਾਏ ਹੋਰ ਸਾਰੇ ਦੁਨੀਆਵੀ ਸਵਾਦ ਵਿਸਰ ਗਏ ਸਨ। ਇਸ ਨਾਲ ਫ਼ਰੀਦ ਜੀ ਦੀ ਬਾਣੀ ਵਿੱਚ ਮਿਠਾਸ ਅਤੇ ਸੁਭਾਅ ਵਿੱਚ ਮਧੁਰਤਾ ਆਈ ਜਿਸ ਕਰਕੇ ਉਨ੍ਹਾਂ ਗੰਜ-ਏ-ਸ਼ਕਰ ਜਾਣੀ ਕਿ ਮਿੱਠੇ ਦਾ ਭੰਡਾਰਾਆਖਿਆ ਜਾਣ ਲੱਗਿਆ। ਇਸੇ ਘਟਨਾ ਨੂੰ ਚਿਤਵ ਕੇ ਬਾਅਦ ਵਿੱਚ ਫ਼ਰੀਦ ਜੀ ਨੇ ਉਚਾਰਿਆ ਸੀ:

ਫ਼ਰੀਦ ਸਕਰ ਖੰਡੁ ਨਿਵਾਤ ਗੁੜ ਮਾਖਿਉ ਮਾਂਝਾ ਦੁਧੁ।।

ਸਭੇ ਵਸਤੂ ਮਿਲੀਆਂ ਰਬ ਨਾ ਪੁਜਨਿ ਤੁਧੁ।।

ਅਰਥ:- ਫ਼ਰੀਦ ਜੀ ਫਰਮਾਉਦੇ ਹਨ ਕਿ ਭਾਵੇਂ ਸ਼ੱਕਰ, ਖੰਡ, ਮਿਸ਼ਰੀ, ਗੁੜ, ਸ਼ਹਿਦ ਅਤੇ ਦੁੱਧ ਆਦਿ ਇਹ ਸਾਰੇ ਪਦਾਰਥ ਮਿੱਠੇ ਹਨ, ਪਰੰਤੂ ਇਹਨਾਂ ਦੀ ਮਿਠਾਸ ਅਸਥਾਈ ਅਤੇ ਥੋੜ੍ਹ-ਚਿਰੀ ਹੈ। ਕੇਵਲ ਪਰਮਾਤਮਾ ਦਾ ਨਾਮ ਹੀ ਸਥਾਈ ਰੂਪ ਵਿੱਚ ਮਿੱਠਾ ਅਤੇ ਮਧੁਰ ਹੈ। ਸੋ ਸਾਨੂੰ ਉਸੇ ਦੀ ਤਲਾਸ਼ ਕਰਨੀ ਚਾਹੀਦੀ ਹੈ।

-----

ਫ਼ਰੀਦ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਮਦਰੱਸੇ ਵਿੱਦਿਆ ਪ੍ਰਾਪਤੀ ਲਈ ਭੇਜਿਆ ਗਿਆ। ਆਪ ਨੇ ਗਿਆਰਾਂ ਸਾਲ ਦੀ ਆਯੂ ਵਿੱਚ ਸਾਰਾ ਕ਼ੁਰਾਨ ਕੰਠ ਕਰ ਲਿਆ ਸੀ। ਇਸੇ ਸਾਲ ਫ਼ਰੀਦ ਜੀ ਨੂੰ ਮਾਤਾ ਨਾਲ ਮੱਕੇ ਹੱਜ ਕਰਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਸੀ।

------

ਫ਼ਰੀਦ ਜੀ ਨੂੰ ਅਠਾਰਾਂ ਵਰ੍ਹੇ ਦੀ ਅਵਸਥਾ ਵਿੱਚ ਹੋਰ ਤਾਲੀਮ ਦਿਵਾਉਣ ਲਈ ਧਾਰਮਿਕ ਵਿੱਦਿਆ ਦੇ ਪ੍ਰਸਿਧ ਕੇਂਦਰ ਮੁਲਤਾਨ ਭੇਜਿਆ ਗਿਆ। ਉਸ ਵੇਲੇ ਮੁਲਤਾਨ ਫ਼ਕੀਰਾਂ ਅਤੇ ਆਲਮਾਂ-ਫ਼ਾਜ਼ਿਲਾਂ ਦੀ ਰਿਹਾਇਸ਼ਗਾਹ ਵਜੋਂ ਮਸ਼ਹੂਰ ਸੀ, ਜਿਸਦਾ ਵਰਣਨ ਫ਼ਾਰਸੀ ਦੇ ਇੱਕ ਬੜੇ ਮਕ਼ਬੂਲ ਸ਼ੇਅਰ ਵਿੱਚੋਂ ਵੀ ਮਿਲਦਾ ਹੈ:-

ਚਾਰ ਚੀਜ਼ ਅਸਤ ਤੁਹਾਫਾਏ ਮੁਲਤਾਨ

ਗਰਦ,ਗਰਮਾ,ਗਦਾਵ, ਗੋਰਸਤਾਨ।।

(ਯਾਨੀ ਮੁਲਤਾਨ ਦੀਆਂ ਚਾਰ ਚੀਜ਼ਾਂ ਪ੍ਰਸਿਧ ਹਨ। ਹਰ ਵੇਲੇ ਉੱਡਣ ਵਾਲਾ ਗਰਦਾ, ਇੱਥੋਂ ਦੀ ਸਖ਼ਤ ਗਰਮੀ, ਦਰਵੇਸ਼ ਅਤੇ ਇਥੋਂ ਦੇ ਮਜ਼ਾਰ )

------

ਫ਼ਰੀਦ ਜੀ ਨੇ ਇੱਥੇ ਚਾਰ ਸਾਲ ਰਹਿ ਕੇ ਵਿੱਦਿਆ ਗ੍ਰਹਿਣ ਕੀਤੀ ਅਤੇ ਆਪਣੇ ਗਿਆਨ ਵਿੱਚ ਇਜ਼ਾਫਾ ਕੀਤਾ। ਇਥੇ ਹੀ ਫ਼ਰੀਦ ਜੀ ਨੇ ਪ੍ਰਸਿਧ ਸੂਫੀ ਫ਼ਕੀਰ ਜਲਾਲ-ਉਦ-ਦੀਨ ਤਬਰੇਜ਼ੀ (ਮੌਲਾਨਾ ਰੂਮੀ) ਦੀ ਕਾਫ਼ੀ ਦੇਰ ਸੰਗਤ ਕੀਤੀ। ਫ਼ਰੀਦ ਜੀ ਉੱਪਰ ਉਨ੍ਹਾਂ ਦਾ ਬਹੁਤ ਪ੍ਰਭਾਵ ਪਿਆ ਅਤੇ ਉਨ੍ਹਾਂ ਨੇ ਤਬਰੇਜ਼ੀ ਪਾਸੋਂ ਬਹੁਤ ਕੁੱਝ ਸਿਖਿਆ। ਉਸ ਤੋਂ ਉਪਰੰਤ ਚਿਸ਼ਤੀ ਸਿਲਸਲੇ ਵਾਲੇ ਖ਼ਵਾਜ਼ਾ ਕੁਤਬ-ਉਦ-ਦੀਨ ਬਖ਼ਤਿਆਰ ਕਾਕੀ (ਦਿਹਾਂਤ 27 ਨਵੰਬਰ,1235) ਮੁਲਤਾਨ ਆਏ। ਇਤਫਾਕਨ ਉਹ ਉਸੇ ਮਸੀਤ ਨਮਾਜ਼ ਪੜ੍ਹਨ ਚਲੇ ਗਏ ਜਿੱਥੇ ਫ਼ਰੀਦ ਜੀ ਇਲਮ ਪ੍ਰਾਪਤ ਕਰ ਰਹੇ ਸਨ। ਉਹਨਾਂ ਫ਼ਰੀਦ ਨੂੰ ਬੰਦਗੀ ਵਿੱਚ ਖੁੱਭੇ ਤੱਕ ਕੇ ਬੜੇ ਪਿਆਰ ਨਾਲ ਪੁੱਛਿਆ, “ਕੀ ਪੜ੍ਹ ਰਹੇ ਹੋ?”

ਫ਼ਰੀਦ ਜੀ ਨੇ ਸਿਰ ਝੁਕਾਏ ਹੀ ਕਿਹਾ, “ਅਲ ਨਾਫਅ।

ਜਦੋਂ ਫ਼ਰੀਦ ਜੀ ਨੇ ਸਿਰ ਉਠਾ ਕੇ ਖ਼ਵਾਜਾ ਜੀ ਵੱਲ ਤੱਕਿਆ ਤਾਂ ਤੱਕਦੇ ਹੀ ਰਹਿ ਗਏ। ਕਿਉਂਕਿ ਫ਼ਰੀਦ ਜੀ ਨੇ ਉਨ੍ਹਾਂ ਦੀ ਕਾਫ਼ੀ ਮਹਿਮਾ ਸੁਣੀ ਹੋਈ ਸੀ ਅਤੇ ਉਹ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਬਹੁਤ ਪਹਿਲਾਂ ਦੇ ਹੀ ਮੁਤਾਸਿਰ ਸਨ। ਖ਼ਵਾਜਾ ਨੇ ਫ਼ਰੀਦ ਜੀ ਨੂੰ ਦੱਸਿਆ ਕਿ ਜੋ ਧਾਰਮਿਕ ਪੁਸਤਕ ਉਹ ਪੜ੍ਹ ਰਹੇ ਹਨ ਉਸ ਨਾਲ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਫ਼ਰੀਦ ਜੀ ਨੇ ਉਨ੍ਹਾਂ ਤੋਂ ਆਪਣੇ ਮਾਰਗ ਦਰਸ਼ਨ ਲਈ ਮਸ਼ਵਰੇ ਮੰਗੇ। ਬਖ਼ਤਿਆਰ ਕਾਕੀ ਉਨ੍ਹਾਂ ਦੀ ਯੋਗ ਅਗਵਾਈ ਕੀਤੀ ਅਤੇ ਤਜਵੀਜ਼ ਦਿੰਦੀਆਂ ਆਖਿਆ, “ਕੁਝ ਦਿਨ ਹੋਰ ਇਥੇ ਇਲਮ ਹਾਸਿਲ ਕਰ ਲੈ, ਬਾਬਾ! ਫਿਰ ਦਿੱਲੀ ਆ ਜਾਈਂ।

-----

ਕੁਤਬ-ਉਦ-ਦੀਨ ਦੇ ਬਾਬਾ ਕਹਿ ਕੇ ਸੰਬੋਧਨ ਕਰਨ ਸਦਕਾ ਫ਼ਰੀਦ ਜੀ ਦੇ ਨਾਮ ਨਾਲ ਸਦਾ ਲਈ ਬਾਬਾਸ਼ਬਦ ਜੁੜ ਗਿਆ। ਫ਼ਰੀਦ ਜੀ ਕਾਕੀ ਦੇ ਸਾਥ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਜਿੰਨੇ ਦਿਨ ਵੀ ਮੁਲਤਾਨ ਵਿਖੇ ਕਿਆਮ ਕੀਤਾ ਫ਼ਰੀਦ ਜੀ ਉਨ੍ਹਾਂ ਦੇ ਅੰਗ-ਸੰਗ ਹੀ ਰਹੇ। ਫ਼ਰੀਦ ਜੀ ਦੀ ਕਾਹਲ਼ ਦੇਖ ਕੇ ਖ਼ਵਾਜਾ ਸਾਹਿਬ ਨੇ ਉਨ੍ਹਾਂ ਨੂੰ ਸਮਝਾਇਆ, “ਬਾਬਾ। ਸਬਰ ਰੱਖ। ਅਲਾਹ ਰੂਪੀ ਮੰਜ਼ਿਲ ਤੇ ਸਬਰ ਦੇ ਰਾਹ ਚੱਲ ਕੇ ਹੀ ਪਹੁੰਚਿਆ ਜਾ ਸਕਦਾ ਹੈ।

ਫ਼ਰੀਦ ਜੀ ਨੇ ਆਪਣੇ ਮੁਰਸ਼ਦ ਦੇ ਉਪਦੇਸ਼ ਨੂੰ ਲੜ ਬੰਨ੍ਹ ਕੇ ਉਸ ਉੱਤੇ ਨਾ ਸਿਰਫ਼ ਅਮਲ ਹੀ ਕੀਤਾ। ਬਲਕਿ ਫਿਰ ਅਗਾਂਹ ਜਾ ਕੇ ਆਪਣੇ ਸਲੋਕ ਵਿੱਚ ਉਚਾਰਿਆ:-

ਰ ਮੰਝਿ ਕਮਾਣ ਏ ਸਬਰੁ ਕਾ ਨੀਹਣੋ।।

ਸਬਰ ਸੰਦਾ ਬਾਣੁ ਖਾਲਕ ਖਤਾ ਨ ਕਰੀ।।

(ਅਰਥ:- ਫ਼ਰੀਦ ਜੀ ਲਿਖਦੇ ਹਨ ਕਿ ਸਬਰ ਇੱਕ ਅਜਿਹਾ ਹਥਿਆਰ ਹੈ ਜਿਸਦਾ ਨਿਸ਼ਾਨਾ ਕਦੇ ਵੀ ਨਹੀਂ ਖੁੰਝਦਾ। ਸਬਰ ਦੇ ਤੀਰ ਨੂੰ ਪਰਮਾਤਮਾ ਵੀ ਕਦੇ ਵਿਅਰਥ ਨਹੀਂ ਜਾਣ ਦਿੰਦਾ। )

-----

ਫ਼ਰੀਦ ਜੀ ਕੁਝ ਅਰਸਾ ਉਚੇਰੀ ਤਾਲਿਮ ਹਾਸਿਲ ਕਰਨ ਲਈ ਕੰਧਾਰ ਗਏ। ਕੰਧਾਰ ਤੋਂ ਵਾਪਿਸ ਆ ਕੇ ਥੋੜ੍ਹਾ ਸਮਾਂ ਮੁਲਤਾਨ ਹੀ ਰਹੇ। ਮੁਲਤਾਨ ਤੋਂ ਖ਼ਵਾਜਾ ਜੀ ਪਾਸ ਦਿੱਲੀ ਚਲੇ ਗਏ। ਇੱਥੇ ਉਨ੍ਹਾਂ ਦਾ ਸ਼ੁਮਾਰ ਖ਼ਵਾਜਾ ਹੋਰਾਂ ਦੇ ਚੁਣਵੇਂ ਸੂਫ਼ੀ ਚੇਲਿਆਂ ਵਿੱਚ ਹੁੰਦਾ ਸੀ। ਖ਼ਵਾਜਾ ਜੀ ਦੀ ਸਰਪਰਸਤੀ ਹੇਠ ਉਹ ਬਹੁਤਾ ਵਕਤ ਜਪ-ਤਪ ਵਿੱਚ ਲੀਨ ਰਹਿ ਕੇ ਗੁਜ਼ਾਰਦੇ। ਇੱਥੇ ਫ਼ਰੀਦ ਜੀ ਦੀ ਕਠਿਨ ਸਾਧਨਾ ਦਾ ਖ਼ਵਾਜਾ ਮੁਅਈਨੁਦੀਨ ਉੱਪਰ ਵਿਸ਼ੇਸ਼ ਪ੍ਰਭਾਵ ਪਿਆ ਅਤੇ ਉਹਨਾਂ ਫ਼ਰੀਦ ਜੀ ਦੇ ਉਜੱਵਲ ਭਵਿੱਖ ਬਾਰੇ ਪੇਸ਼ੀਨਗੋਈ ਵੀ ਕੀਤੀ। ਜਿਸ ਤੋਂ ਫੌਰਨ ਬਾਅਦ ਫ਼ਰੀਦ ਜੀ ਨੇ ਇੱਕ ਚਿਲਾ -ਏ-ਮਾਕੂਸ (ਜਿਸ ਵਿਚ ਚਾਲ੍ਹੀ ਦਿਨ ਸ਼ਰੀਰਕ ਕਸ਼ਟ ਝੱਲ ਕੇ ਕਠਿਨ ਤਪੱਸਿਆ ਕੀਤੀ ਜਾਂਦੀ ਹੈ) ਵੀ ਸੰਪੂਰਨ ਕੀਤਾ।

-----

ਦਿੱਲੀ ਵਿੱਚ ਰਹਿੰਦਿਆਂ ਫ਼ਰੀਦ ਦੀ ਚਰਚਾ ਦੂਰ ਦੂਰ ਤੱਕ ਹੋਣ ਲੱਗ ਪਈ ਸੀ। ਸ਼ਰਧਾਲੂ ਅਤੇ ਜਗਿਆਸੂ ਸਦਾ ਉਨ੍ਹਾਂ ਦੇ ਦਰਸ਼ਨਾਂ ਲਈ ਉਤਾਵਲੇ ਰਹਿਣ ਲੱਗੇ। ਫ਼ਰੀਦ ਜੀ ਦੁਆਰਾ ਸੰਗਤਾਂ ਨਾਲ ਬਹੁਤਾ ਸਮਾਂ ਬਿਤਾਉਣ ਕਾਰਨ ਤਪੱਸਿਆ ਅਤੇ ਬੰਦਗੀ ਵਿੱਚ ਰੁਕਾਵਟ ਪੈਣੀ ਸ਼ੁਰੂ ਹੋ ਗਈ। ਇਸ ਲਈ ਫ਼ਰੀਦ ਜੀ ਕਾਕੀ ਦੀ ਆਗਿਆ ਲੈ ਕੇ ਦਿੱਲੀ ਛੱਡ ਹਾਂਸੀ (ਜਿਲ੍ਹਾ ਹਿਸਾਰ) ਚਲੇ ਗਏ।

-----

ਦਿੱਲੀ ਤੋਂ ਹਾਂਸੀ ਜਾਂਦੇ ਸਮੇਂ ਰਸਤੇ ਵਿੱਚ ਫ਼ਰੀਦ ਜੀ ਨੇ ਥੱਕ ਕੇ ਮੋਕਲਹਰ ਸ਼ਹਿਰ ਵਿਖੇ ਅਰਾਮ ਕਰਨ ਲਈ ਪੜਾਅ ਕੀਤਾ। ਉਦੋਂ ਉਥੋਂ ਦਾ ਰਾਜਾ ਮੋਕਲਹਰ ਰਾਏ (ਗੋਕਲ ਦੇਵ) ਆਪਣਾ ਮਹਿਲ ਬਣਵਾ ਰਿਹਾ ਸੀ। ਰਾਜੇ ਦੇ ਹਾਕਮ ਪਰਜਾ ਅਤੇ ਉਸ ਨਗਰ ਵਿੱਚ ਆਉਣ-ਜਾਣ ਵਾਲੇ ਹਰ ਵਿਅਕਤੀਆ ਤੋਂ ਜ਼ਬਰੀ ਮਜ਼ਦੂਰੀ ਕਰਵਾਉਂਦੇ ਸਨ। ਫ਼ਰੀਦ ਜੀ ਨੂੰ ਵੀ ਉਹਨਾਂ ਨੇ ਜ਼ਬਰਦਸਤੀ ਕੰਮ ਕਰਨ ਲਗਾ ਲਿਆ। ਫ਼ਰੀਦ ਜੀ ਨੇ ਆਪਣੇ ਅਮੋਲਕ ਬਚਨਾਂ ਨਾਲ ਰਾਜੇ ਨਾਲ ਨੂੰ ਉਸਦੀ ਭੁੱਲ ਦਾ ਅਹਿਸਾਸ ਕਰਵਾਇਆ ਅਤੇ ਰਾਜੇ ਨੇ ਫ਼ਰੀਦ ਜੀ ਤੋਂ ਮਾਫ਼ੀ ਮੰਗੀ।

-----

ਫ਼ਰੀਦ ਜੀ ਹਾਂਸੀ ਵਿਖੇ ਹੀ ਸਨ ਕਿ ਉਨ੍ਹਾਂ ਨੂੰ ਖ਼ਵਾਜਾ ਜੀ ਦੀ ਨਾਜੁਕ ਹਾਲਤ ਦਾ ਸੰਦੇਸ਼ ਮਿਲਿਆ। ਫ਼ਰੀਦ ਜੀ ਨੇ ਤਤਫੱਟ ਦਿੱਲੀ ਨੂੰ ਚਾਲੇ ਪਾ ਦਿੱਤੇ। ਪਰ ਬਦਮਿਸਮਤੀ ਨਾਲ ਉਹ ਸਮੇਂ ਨਾ ਪਹੁੰਚ ਸਕੇ ਤੇ ਖ਼ਵਾਜਾ ਜੀ ਦੇ ਉਨ੍ਹਾਂ ਦੇ ਉਪੜਣ ਤੋਂ ਪੰਜ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ।

-----

ਫ਼ਰੀਦ ਜੀ ਦੀ ਗ਼ੈਰ-ਹਾਜ਼ਰੀ ਵਿੱਚ ਕੁਤਬੁਦੀਨ ਨੇ ਕਾਜ਼ੀ ਹਮੀਦੂਦੀਨ ਨਾਗੌਰੀ ਨੂੰ ਗੋਦੜੀ, ਮੁਸੱਲਾ, ਆਸਾ ਅਤੇ ਦਸਤਾਰ ਆਦਿ ਦੇ ਕੇ ਹਦਾਇਤ ਕੀਤੀ ਕਿ ਇਹਨਾਂ ਵਸਤਾਂ ਉੱਤੇ ਫ਼ਰੀਦ ਜੀ ਦਾ ਹੱਕ ਹੈ ਤੇ ਉਹ ਉਨ੍ਹਾਂ ਨੂੰ ਸੌਂਪ ਦੇਣ। ਇਸਦਾ ਅਰਥ ਇਹ ਸੀ ਕਿ ਉਨ੍ਹਾਂ ਤੋਂ ਬਾਅਦ ਫ਼ਰੀਦ ਜੀ ਗੱਦੀ ਦੇ ਜਾ-ਨਸ਼ੀਨ ਹੋਣਗੇ। ਫ਼ਰੀਦ ਜੀ ਨੇ ਦਿੱਲੀ ਆ ਕੇ ਆਪਣੀਆਂ ਅਮਾਨਤਾਂ ਤਾਂ ਲੈ ਲਈਆਂ, ਪਰ ਉਤਰਾਧਿਕਾਰੀ ਦੇ ਰੂਪ ਵਿੱਚ ਚਿਸ਼ਤੀ ਸਿਲਸਿਲੇ ਦੀ ਵਾਗਡੋਰ ਸੰਭਾਲਣ ਦੀ ਬਜਾਏ ਸ਼ੇਖ਼ ਬਦਰੂਦੀਨ ਨੂੰ ਜ਼ਿੰਮੇਵਾਰੀ ਸੰਭਾਲ ਦਿੱਤੀ ਅਤੇ ਆਪ ਅਜੋਧਨ ( ਅਕਬਰ ਬਾਦਸ਼ਾਹ ਨੇ ਆਪਣੇ ਰਾਜਕਾਲ ਸਮੇਂ ਅਜੋਧਨ ਦਾ ਨਾਂ ਬਦਲ ਕੇ ਪਾਕਪਟਨ ਰੱਖ ਦਿੱਤਾ ਸੀ। ਆਸਾ ਦੀ ਵਾਰ ਦੀਆਂ ਨੌ ਪਾਉੜੀਆਂ ਗੁਰੂ ਨਾਨਕ ਦੇਵ ਜੀ ਨੇ ਪਾਕਪਟਨ ਬਾਬਾ ਫ਼ਰੀਦ ਦੇ ਅਸਥਾਨ ਤੇ ਹੀ ਉਚਾਰੀਆਂ ਸਨ। ਪਹਿਲੀਆਂ 15 ਦੁਨੀ ਚੰਦ ਦੀ ਡਿਉੜੀ, ਲਾਹੌਰ, ਦੁਨੀ ਚੰਦ ਦਾ ਗੁਮਾਨ ਉਤਾਰਨ ਲਈ ਉਚਾਰੀਆਂ ਸਨ। ) ਚਲੇ ਗਏ। ਫਿਰ ਫ਼ਰੀਦ ਜੀ 1236 ਈ ਤੋਂ ਲੈ ਕੇ ਆਪਣੇ ਅੰਤਿਮ ਸਮੇਂ ਤੱਕ ਇੱਥੇ ਹੀ ਟਿਕੇ ਰਹੇ।

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।


ਬਲਰਾਜ ਸਿੱਧੂ - ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ – ਲੇਖ – ਭਾਗ ਦੂਜਾ

ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ

ਲੇਖ ਭਾਗ ਦੂਜਾ

ਲੜੀ ਜੋੜਨ ਲਈ ਉਪਰਲੀ ਪੋਸਟ ਭਾਗ ਪਹਿਲਾ ਜ਼ਰੂਰ ਪੜ੍ਹੋ ਜੀ।

******

ਫ਼ਰੀਦ ਜੀ ਨੇ ਅਜੋਧਨ ਵਿਖੇ ਖ਼ਾਨਗਾਹ ਅਤੇ ਸਰਾਂ ਦਾ ਨਿਰਮਾਣ ਕਰਵਾਉਣ ਤੋਂ ਇਲਾਵਾ ਡੇਢ ਕੁ ਸੌ ਫੁੱਟ ਉੱਚੇ ਟਿੱਬੇ ਉੱਤੇ ਆਪਣਾ ਜਮਾਇਤਖ਼ਾਨਾ ਵੀ ਬਣਵਾਇਆ ਹੋਇਆ ਸੀ। ਇਹ ਇਕ ਵੱਡਾ ਸਾਰਾ ਬੁਲੰਦ ਕੋਠਾ ਸੀ ਜੋ ਮੁਰੀਦਾਂ ਤੇ ਮੁਸਾਫ਼ਿਰਾਂ ਠਹਿਰਨ ਵਾਸਤੇ ਉਸਰਿਆ ਗਿਆ ਸੀ। ਇਸਦੇ ਦਰਵਾਜ਼ੇ ਅੱਧੀ ਰਾਤ ਤੱਕ ਯਾਤਰੀਆਂ ਲਈ ਖੁੱਲ੍ਹੇ ਰਹਿੰਦੇ ਸਨ। ਜਮਾਇਤਖ਼ਾਨੇ ਵਿੱਚ ਬੜੀ ਦੂਰੋਂ ਦੂਰੋਂ ਸੰਤ, ਫ਼ਕੀਰ, ਤਾਲਿਬੇ, ਆਲਮ, ਅਦੀਬ ਅਤੇ ਜਗਿਆਸੂ ਆਇਆ ਕਰਦੇ ਸਨ। ਇਸ ਸਥਾਨ ਤੇ ਧਾਰਮਿਕ ਬਹਿਸ-ਮੁਬਾਇਸੇ ਨਿਰੰਤਰ ਚਲਦੇ ਰਿਹਾ ਕਰਦੇ ਸਨ, ਜਿਨ੍ਹਾਂ ਵਿੱਚ ਨਾਥ ਜੋਗੀ ਵੀ ਭਾਗ ਲੈਂਦੇ। ਇਹ ਲੋਕ ਕਈ ਵਾਰ ਆਵੇਸ਼ ਵਿੱਚ ਆ ਜਾਇਆ ਕਰਦੇ ਸਨ। ਪਰ ਫ਼ਰੀਦ ਜੀ ਨਿਮਰਤਾ ਅਤੇ ਮਿੱਠਾ ਬੋਲਣ ਦਾ ਉਪਦੇਸ਼ ਦੇ ਕੇ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਿਆ ਕਰਦੇ ਸਨ। ਉਨ੍ਹਾਂ ਦੇ ਰੁੱਖੇ ਵਤੀਰੇ ਦੇ ਪ੍ਰਤੀਕ੍ਰਮ ਵਜੋਂ ਆਪਣੀ ਬਾਣੀ ਵਿੱਚ ਫ਼ਰੀਦ ਜੀ ਨੇ ਉਚਾਰਿਆ ਸੀ:

ਫ਼ਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ।।

ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ।।

(ਅਰਥ:- ਪਰਮਾਤਮਾ ਦੀ ਸੇਵਾ ਕਰੋ। ਇਹ ਕਰਮ ਆਤਮਾ ਉੱਤੇ ਪਏ ਸਾਰੇ ਭਰਮ-ਭੁਲੇਖਿਆਂ ਨੂੰ ਉਤਾਰਨ ਦੇ ਸਮਰੱਥ ਹੈ। ਦਰਵੇਸ਼ਾਂ ਦਾ ਜਿਗਰਾ ਰੁੱਖਾ ਵਰਗਾ ਵਿਸ਼ਾਲ ਅਤੇ ਮਹਾਨ ਹੋਣਾ ਚਾਹੀਦਾ ਹੈ। ਉਹ ਛੋਟੀਆਂ-ਛੋਟੀਆਂ ਗੱਲਾਂ ਤੇ ਗ਼ੁੱਸਾ ਨਹੀਂ ਕਰਦੇ ।)

-----

ਅਯੋਧਨ ਵਿੱਚ ਰਹਿੰਦਿਆਂ ਕਈ ਵਾਰ ਫ਼ਰੀਦ ਜੀ ਨੂੰ ਸਥਾਨਕ ਅਧਿਕਾਰੀਆਂ ਦੀਆਂ ਗੁਸਤਾਖ਼ੀ ਦਾ ਸਾਹਮਣਾ ਵੀ ਕਰਨਾ ਪਿਆ ਸੀ। ਇੱਕ ਮੌਕੇ ਅਜੋਧਨ ਦੇ ਕਾਜ਼ੀ ਨੇ ਮੁਲਤਾਨ ਦੇ ਉਲਮਾਂ ਨੂੰ ਸ਼ੇਖ ਫ਼ਰੀਦ ਦੇ ਵਿਰੁੱਧ ਫਤਵਾ ਜਾਰੀ ਕਰਨ ਦੀ ਬੇਨਤੀ ਵੀ ਕੀਤੀ ਸੀ। ਉਹਨਾਂ ਦੋਸ਼ ਲਾਇਆ ਸੀ ਕਿ ਦਰਵੇਸ਼ ਫ਼ਰੀਦ ਮਸੀਤ ਵਿੱਚ ਰਹਿੰਦਾ ਹੈ ਤੇ ਸੰਗੀਤ ਦੀਆਂ ਮਹਿਫ਼ਿਲਾਂ ਵਿੱਚ ਸ਼ਰੀਕ ਹੁੰਦਾ ਹੈ। ਭਾਵੇਂ ਉਲਮਾ ਨੇ ਕਾਜੀ ਦੀ ਗੱਲ ਨਾ ਮੰਨੀ ਪਰ ਤਾਂ ਵੀ ਫ਼ਰੀਦ ਜੀ ਦੇ ਵਿਰੁੱਧ ਦਰਬਾਰੀ ਦਮਨ ਅਤੇ ਦਬਾਉ ਮੁਸੱਲਸਲ ਪੈਂਦਾ ਰਿਹਾ। ਫ਼ਰੀਦ ਦਾ ਕਲਾਮ ਅਤੇ ਸਿਖਿਆਵਾਂ ਮੌਕੇ ਦੀ ਸਰਕਾਰ ਨੂੰ ਨਾਪਸੰਦ ਸਨ। ਇਸ ਕਾਰਨ ਇੱਕ ਦੋ ਵਾਰੀ ਤਾਂ ਫ਼ਰੀਦ ਜੀ ਦੀ ਤੇ ਜਾਨ-ਲੇਵਾ ਹਮਲੇ ਵੀ ਹੋਏ ਸਨ। ਦੂਸਰੇ ਫ਼ਕੀਰ ਫ਼ਰੀਦ ਜੀ ਦੀ ਬਾਣੀ ਨੂੰ ਆਪਣੀ ਆਲੋਚਨਾ ਦੇ ਔਜਾਰ ਨਾਲ ਕੱਟਣ ਦਾ ਯਤਨ ਵੀ ਕਰਿਆ ਕਰਦੇ ਸਨ। ਲੇਕਿਨ ਫ਼ਰੀਦ ਜੀ ਉਨ੍ਹਾਂ ਦੀ ਨਿੰਦਿਆ ਅਤੇ ਨਘੋਚਾਂ ਦੀ ਰਤਾ ਪਰਵਾਹ ਨਾ ਕਰਦੇ ਤੇ ਹੱਸ ਕੇ ਉਨ੍ਹਾਂ ਨੂੰ ਆਖਦੇ:

ਫ਼ਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ।।

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ।।

( ਅਰਥ:- ਹੇ ਇਨਸਾਨ! ਜੇ ਤੂੰ ਬੁੱਧੀਮਾਨ ਹੈਂ ਤਾਂ ਬੁਰੇ ਕਰਮ ਨਾ ਕਰ। ਕਿਸੇ ਹੋਰ ਦੀ ਆਲੋਚਨਾ ਕਰਨ ਤੋਂ ਪਹਿਲਾਂ ਆਪਣੇ ਮਨ ਅੰਦਰ ਝਾਤੀ ਮਾਰ ਕੇ ਦੇਖ। ਕੀ ਤੇਰੇ ਵਿੱਚ ਤਾਂ ਉਹ ਕਮਜ਼ੋਰੀਆਂ ਨਹੀਂ ਹਨ? )

-----

ਫ਼ਰੀਦ ਜੀ ਤਮਾਮ ਉਮਰ ਕੱਖ ਕਾਨਿਆਂ ਦੀ ਬਣੀ ਇੱਕ ਛੱਪਰੀ ਵਿੱਚ ਨਿਵਾਸ ਕਰਦੇ ਰਹੇ ਕਿਉਂਕਿ ਚਿਸ਼ਤੀ ਸੰਪਰਦਾਏ ਅਨੁਸਾਰ ਇੱਟਾਂ ਦੀ ਬਣੀ ਇਮਾਰਤ ਵਿੱਚ ਰਹਿਣਾ ਇੱਕ ਸੂਫ਼ੀ ਲਈ ਵਿਵਰਜਿਤ ਸੀ।

ਫ਼ਰੀਦਾ ਕੋਠੇ ਮੰਡਪ ਮਾੜੀਆ ਏਤੁ ਨ ਲਾਏ ਚਿਤੁ।।

ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ।।

-----

ਖ਼ੁਆਜਾ ਕੁਤਬੁਦੀਨ ਵਲੋਂ ਪ੍ਰਾਪਤ ਹੋਈ ਆਸੇ (ਸੋਟੇ) ਦਾ ਫ਼ਰੀਦ ਜੀ ਸਿਰਹਾਣੇ ਦੇ ਰੂਪ ਵਿੱਚ ਪ੍ਰਯੋਗ ਕਰਦੇ ਸਨ। ਫ਼ਰੀਦ ਜੀ ਪਾਸ ਇੱਕ ਛੋਟੀ ਜਿਹੀ ਕਾਲ਼ੀ ਕੰਬਲੀ ਸੀ। ਜਿਸ ਬਾਰੇ ਆਪਣੇ ਸਲੋਕਾਂ ਵਿੱਚ ਉਹ ਖ਼ੁਦ ਸੰਕੇਤ ਦਿੰਦੇ ਹੋਏ ਲਿਖਦੇ ਹਨ:-

ਫ਼ਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ।।

ਚਲਾ ਤ ਭਿਜੈ ਕੰਬਲੀ ਰਹਾ ਤੇ ਤੁਟੈ ਨੇਹੁ।।

( ਅਰਥ:- ਫ਼ਰੀਦ ਜੀ ਲਿਖਦੇ ਹਨ ਕਿ ਗਲੀਆਂ ਵਿੱਚ ਚਿੱਕੜ ਹੈ ਅਤੇ ਪਤੀ (ਪਰਮਾਤਮਾ) ਦਾ ਘਰ ਬੜੀ ਦੂਰ ਹੈ। ਮੇਰਾ ਉਸ ਨਾਲ ਮਿਲਣ ਦਾ ਇਕ਼ਰਾਰ ਕੀਤਾ ਹੋਇਆ ਹੈ। ਜੇ ਜਾਂਦਾ ਹਾਂ ਤਾਂ ਮੇਰੀ ਇਕੋ-ਇਕ ਕੰਬਲੀ ਭਿੱਜਦੀ ਹੈ, ਜੇ ਨਹੀਂ ਜਾਂਦਾ ਤਾਂ ਇਕਰਾਰ ਤੋਂ ਝੂਠਾ ਪੈਦਾਂ ਹਾਂ ਅਤੇ ਪ੍ਰੇਮ ਟੁੱਟਦਾ ਹੈ। )

-----

ਇਸ ਕੰਬਲੀ ਨੂੰ ਫ਼ਰੀਦ ਜੀ ਰਾਤ ਨੂੰ ਓੜਨ ਵਜੋਂ ਉੱਪਰ ਲੈ ਲੈਂਦੇ ਸਨ। ਦਿਨ ਸਮੇਂ ਇਸੇ ਉੱਤੇ ਬੈਠ ਕੇ ਉਹ ਪ੍ਰਭੂ ਸਿਮਰਨ ਵਿੱਚ ਗੜੂੰਦ ਰਹਿੰਦੇ ਸਨ। ਸਰਦੀਆਂ ਵਿੱਚ ਛੋਟੀ ਕੰਬਲੀ ਨਾਲ ਸਿਰ ਨੂੰ ਢਕਣ ਲੱਗਿਆਂ ਉਨ੍ਹਾਂ ਦੇ ਪੈਰ ਨੰਗੇ ਹੋ ਜਾਂਦੇ ਸਨ ਤੇ ਪੈਰਾਂ ਨੂੰ ਲੁਕਾਉਣ ਲੱਗਿਆਂ ਸਿਰ ਅਣਕੱਜਿਆ ਜਾਂਦਾ ਸੀ। ਪਰੰਤੂ ਫ਼ਰੀਦ ਜੀ ਪਰੇਸ਼ਾਨ ਹੋਣ ਦੀ ਬਜਾਏ ਸਗੋਂ ਰੱਬ ਦਾ ਸ਼ੁਕਰੀਆ ਅਦਾ ਕਰਦੇ ਹੋਏ ਕਹਿੰਦੇ ਸਨ ਕਿ ਜੇ ਕੰਬਲੀ ਵੱਡੀ ਹੁੰਦੀ ਤਾਂ ਮੈ ਹੁਣ ਸੁੱਤੇ ਹੋਣਾ ਸੀ। ਚੰਗਾ ਹੋਇਆ ਠੰਡ ਨਾਲ ਮੈਨੂੰ ਜਾਗ ਆ ਗਈ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣ ਦਾ ਮੌਕਾ ਮਿਲ ਗਿਆ ਹੈ।

ਫ਼ਰੀਦਾ ਪਿਛਲ ਰਾਤਿ ਨ ਜਾਗਓਹਿ ਜੀਵਦੜੋ ਮੁਇਓਹਿ।।

ਜੇ ਤੈ ਰਬੁ ਵਿਸਾਰਿਆ ਤੇ ਰਬਿ ਨ ਵਿਸਰਿਓਹਿ।।

( ਅਰਥ:- ਹੇ ਇਨਸਾਨ! ਜੇ ਤੂੰ ਰਾਤ ਦੇ ਆਖਰੀ ਪਹਿਰ (ਸਵੇਰ ਦਾ ਪਹਿਲਾ ਪਹਿਰ) ਉੱਠ ਕੇ ਪ੍ਰਭੂ ਦੀ ਭਗਤੀ ਨਹੀਂ ਕਰਦਾ ਤਾਂ ਤੂੰ ਜਿਉਂਦਾ ਹੋਇਆ ਵੀ ਮਰਿਆ ਸਮਾਨ ਹੈ। ਭਾਵੇਂ ਤੂੰ ਤਾਂ ਰੱਬ ਨੂੰ ਵਿਸਾਰ ਰੱਖਿਆ ਹੈ ਪਰ ਰੱਬ ਨੇ ਤੈਨੂੰ ਨਹੀਂ ਵਿਸਾਰਿਆ। ਉਹ ਸਦਾ ਤੇਰਾ ਅਤੇ ਤੇਰੇ ਕਰਮਾਂ ਦਾ ਖ਼ਿਆਲ ਰੱਖਦਾ ਹੈ। )

ਕੰਜਮੂਲ, ਪੀਲੂ, ਕਰੀਰ ਦੇ ਡੇਲੇ, ਜੌਆਂ ਦੀ ਖੁਸ਼ਕ ਰੋਟੀ ਜਾਂ ਕੁਝ ਹੋਰ ਜੰਗਲੀ ਫੁੱਲ ਹੀ ਫ਼ਰੀਦ ਜੀ ਦੀ ਖ਼ੁਰਾਕ ਸੀ, ਜੋ ਉਹ ਖ਼ੁਸ਼ ਹੋ ਕੇ ਛਕ ਲਿਆ ਕਰਦੇ ਸਨ।

ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ।।

ਫ਼ਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ।।

( ਅਰਥ:- ਫ਼ਰੀਦ ਜੀ ਦਾ ਫੁਰਮਾਨ ਹੈ ਕਿ ਰੁੱਖੀ-ਸੁੱਕੀ ਖਾ ਕੇ, ਸ਼ੀਤਲ ਜਲ ਪੀ ਕੇ ਜ਼ਿੰਦਗੀ ਬਸਰ ਕਰ ਲੈਣੀ ਚਾਹੀਦੀ ਹੈ, ਕਿਉਂਕਿ ਸਬਰ ਵਿਅਕਤੀ ਨੂੰ ਇੱਕ ਅੰਦਰੂਨੀ ਤਾਕਤ ਬਖ਼ਸ਼ਦਾ ਹੈ। ਦੂਜੇ ਲੋਕਾਂ ਦੀ ਚੋਪੜੀ ਹੋਈ ਰੋਟੀ ਨੂੰ ਵੇਖ ਕੇ ਈਰਖਾ ਜਾਂ ਲਾਲਚ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਭਾਵ ਮਨ ਨੂੰ ਮਾਇਆ ਦੇ ਮਾਰਗ ਵੱਲ ਲੈ ਜਾਂਦੇ ਹਨ। ਮਾਇਆ ਅਤੇ ਪਰਮਾਤਮਾ ਦਾ ਪਰਸਪਰ ਵਿਰੋਧ ਹੈ। )

------

ਫ਼ਰੀਦ ਜੀ ਪਰਮਾਤਮਾ ਦੀ ਪ੍ਰਾਪਤੀ ਲਈ ਗਿਆਨ ਦੇ ਮਾਰਗ ਨੂੰ ਤਰਜੀਹ ਦਿੰਦੇ ਸਨ। ਫ਼ਰੀਦ ਸੱਚ, ਨਿਮਰਤਾ, ਖਿਮਾ, ਚੰਗਾ ਆਚਰਣ, ਮਿੱਠਾ ਬੋਲਣ, ਦੁੱਖ-ਸੁੱਖ ਦੀ ਸੰਭਾਵਨਾ ਅਤੇ ਸ਼ਾਂਤੀਵਾਦ ਦੇ ਗ੍ਰਹਿਣ ਅਤੇ ਗੁੱਸੇ, ਸਵੈ ਅਭਿਮਾਨ, ਲਾਲਚ , ਕੁਕਰਮਾਂ ਦੇ ਤਿਆਗ ਅਤੇ ਹਉਮੈ ਨੂੰ ਮਾਰਨ ਉੱਤੇ ਜ਼ੋਰ ਦਿਆ ਕਰਦੇ ਸਨ।

ਫ਼ਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ।।

ਗੁਨਨੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ।।

-----

ਇੱਕ ਦਫਾ ਫ਼ਰੀਦ ਜੀ ਕਿਸੇ ਹਦਵਾਣਿਆਂ ਦੇ ਵਾੜੇ ਕੋਲੋਂ ਲੰਘ ਰਹੇ ਸਨ। ਰਸਤੇ ਵਿੱਚ ਇੱਕ ਅੱਧ-ਖਾਧੇ ਹਦਵਾਣੇ ਦਾ ਛਿੱਲੜ ਪਏ ਸਨ। ਕੋਈ ਰਾਹਗੀਰ ਉਸ ਉੱਤੋਂ ਫਿਸਲ ਕੇ ਡਿੱਗ ਨਾ ਪਵੇ, ਇਸ ਖ਼ਿਆਲ ਨਾਲ ਫ਼ਰੀਦ ਜੀ ਨੇ ਉਸਨੂੰ ਚੁੱਕ ਕੇ ਪਰੇ ਸੁੱਟ ਦਿੱਤਾ। ਵਾੜੇ ਦੇ ਮਾਲਕ ਨੇ ਆਪਦੇ ਹੱਥਾਂ ਵਿੱਚ ਹਦਵਾਣੇ ਦੀ ਫਾੜੀ ਦੇਖ ਲਈ ਉਹਨੇ ਸਮਝਿਆ ਕਿ ਕੋਈ ਮਤੀਰੇ ਚੋਰੀ ਕਰਕੇ ਖਾ ਰਿਹਾ ਹੈ। ਮਾਲਕ ਨੇ ਆਉਂਦਿਆਂ ਹੀ ਫ਼ਰੀਦ ਜੀ ਨੂੰ ਚੰਗਾ ਮੰਦਾ ਬੋਲਣਾ ਅਤੇ ਦੁਰ-ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ। ਪਰ ਫ਼ਰੀਦ ਜੀ ਬਿਲਕੁੱਲ ਚੁੱਪ ਰਹੇ।

ਫ਼ਰੀਦਾ ਜੋ ਤੈ ਮਾਰਨਿ ਮੁਕੀਆਂ ਤਿਨਾ ਨ ਮਾਰੇ ਘੁੰਮਿ।।

ਆਪਨੜੈ ਘਰਿ ਜਾਈਐ ਪੈਰ ਤਿਨਾ ਦੇ ਚੁੰਮਿ।।

( ਅਰਥ:- ਹੇ ਫ਼ਰੀਦ! ਜੇ ਤੈਨੂੰ ਕੋਈ ਦੁੱਖ ਦਿੰਦਾ ਹੈ ਤਾਂ ਤੂੰ ਵੀ ਜਵਾਬ ਵਿੱਚ ਉਸਨੂੰ ਦੁੱਖੀ ਕਰਨ ਦੀ ਕੋਸ਼ਿਸ਼ ਨਾ ਕਰ, ਸਗੋਂ ਤੇਰੇ ਲਈ ਢੁਕਵਾਂ ਇਹੀ ਹੋਵੇਗਾ ਕਿ ਤੂੰ ਅਜਿਹੇ ਬੁਰੇ ਆਦਮੀ ਦੇ ਘਰ ਜਾ ਕੇ ਨਿਮਰਤਾ ਸਹਿਤ ਉਸਤੋਂ ਖਿਮਾ ਮੰਗੇਂ। )

ਵਾੜੇ ਦੇ ਮਾਲਕ ਦਾ ਗੁੱਸਾ ਠੰਢਾ ਹੋਇਆ ਤੇ ਉਹ ਆਪਣੀ ਗ਼ਲਤੀ ਉੱਪਰ ਪਛਤਾਇਆ। ਉਸਨੇ ਫ਼ਰੀਦ ਜੀ ਕੋਲੋਂ ਹਕੀਕਤ ਨੂੰ ਜਾਨਣ ਬਾਅਦ ਸ਼ਰਮਿੰਦਾ ਹੋ ਕੇ ਮਾਫ਼ੀ ਵੀ ਮੰਗੀ। ਫ਼ਰੀਦ ਜੀ ਨੇ ਉਦੋਂ ਉਪਦੇਸ਼ ਦਿੰਦਿਆਂ ਉਚਾਰਿਆ:

ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ।।

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਬੁਰੇ ਵਿਅਕਤੀ ਦਾ ਵੀ ਭਲਾ ਕਰੋ ਅਤੇ ਉਸ ਪ੍ਰਤੀ ਆਪਣੇ ਮਨ ਵਿੱਚ ਕਦੇ ਵੀ ਗ਼ੁੱਸੇ ਦੇ ਭਾਵ ਪੈਦਾ ਨਾ ਹੋਣ ਦਿਓ। ਇਸ ਤਰ੍ਹਾਂ ਕੀਤਿਆਂ ਤੁਹਾਡਾ ਤਨ ਤੇ ਮਨ ਰੋਗਾਂ ਤੋਂ ਮੁਕਤ ਰਹੇਗਾ ਅਤੇ ਤੁਹਾਨੂੰ ਸਾਰੀਆਂ ਨਿਆਮਤਾਂ ਵੀ ਪ੍ਰਾਪਤ ਹੋ ਜਾਣਗੀਆਂ। )

-----

ਬੜੀ ਦੂਰ-ਦਰਾਡਿਉਂ ਅਜੋਧਨ ਵਿੱਚ ਕੋਈ ਮੁਸਾਫ਼ਿਰ ਆਇਆ। ਉਸਨੇ ਅਜੋਧਨ ਵਾਸੀਆਂ ਤੋਂ ਪਹੁੰਚੇ ਹੋਏ ਫ਼ਕੀਰ ਦਾ ਸਿਰਨਾਵਾਂ ਪੁੱਛਿਆ। ਅਜੋਧਨ ਵਾਸੀ ਨੇ ਉਸ ਵਿਅਕਤੀ ਨੂੰ ਫ਼ਰੀਦ ਜੀ ਦੀ ਕੁਲੀ ਅੱਗੇ ਲਿਜਾ ਕੇ ਖੜ੍ਹਾ ਕਰ ਦਿੱਤਾ ਤੇ ਕਿਹਾ ਕਿ ਇਹ ਹੀ ਤੁਹਾਡੀ ਮੰਜ਼ਿਲ ਹੈ। ਉਹ ਵਿਅਕਤੀ ਕੱਚੀ ਕੁਲੀ ਵੱਲ ਹੈਰਾਨੀ ਨਾਲ ਦੇਖਣ ਲੱਗਾ। ਉਹ ਸ਼ਖ਼ਸ ਅਜੋਧਨ ਵਾਸੀ ਤੇ ਯਕੀਨ ਕਰਕੇ ਮਜਬੂਰਨ ਅੰਦਰ ਚਲਾ ਗਿਆ ਤੇ ਜਾਣ ਸਾਰ ਹੀ ਓਹਨੀਂ ਪੈਰੀਂ ਪਿਛੇ ਮੁੜ ਆਇਆ। ਬਾਹਰ ਆਉਂਦਿਆਂ ਹੀ ਆਖਣ ਲੱਗਾ, “ਤੁਸੀ ਮੇਰੇ ਨਾਲ ਚੰਗਾ ਮਜ਼ਾਕ ਕੀਤਾ ਹੈ। ਜੇ ਤੁਹਾਨੂੰ ਨਹੀਂ ਪਤਾ ਸੀ ਤਾਂ ਜੁਆਬ ਦੇ ਦਿੰਦੇ। ਮੈਂ ਕਿਸੇ ਹੋਰ ਤੋਂ ਪੁੱਛ ਲੈਂਦਾ। ਮੈਨੂੰ ਇਸ ਗ਼ਰੀਬ ਦੀ ਕੁਲੀ ਵਿੱਚ ਕਿਉਂ ਵਾੜ ਦਿੱਤੈ। ਮੈਂ ਤਾਂ ਤੁਹਾਡੇ ਕੋਲੋਂ ਵਲੀ ਅੱਲਾ ਜਿਹੜਾ ਇਸ ਵੇਲੇ ਬਾਈਆਂ ਕੁਤਬਾਂ ਵਿੱਚੋਂ ਚੋਟੀ ਦਾ ਪੀਰ ਹੈ, ਉਸ ਨਾਲ ਮਿਲਵਾਉਣ ਲਈ ਕਿਹਾ ਸੀ।

ਅਯੋਧਨ ਵਾਸੀ ਹੱਸ ਪਿਆ, ਉਹ ਜਾਣ ਗਿਆ ਸੀ ਕਿ ਇਸ ਸ਼ਰਧਾਲੂ ਦੇ ਮਨ ਵਿੱਚ ਵੀ ਇਹ ਭਰਮ ਹੈ ਕਿ ਸ਼ੇਖ਼ ਫ਼ਰੀਦ ਰੇਸ਼ਮੀ ਲਿਬਾਸ ਪਹਿਨੀ, ਸੋਨੇ ਦਾ ਕਾਸਾ ਹੱਥ ਵਿੱਚ ਲਈ, ਸਿਰ ਤੇ ਸ਼ਾਨਦਾਰ ਦਸਤਾਰ ਸਜਾਈ, ਕਿਸੇ ਵੱਡੇ ਮਹਿਲ ਵਿੱਚ ਵਸਦਾ ਹੋਵੇਗਾ। ਉਸ ਵਾਸੀ ਨੇ ਮੁਸਾਫ਼ਿਰ ਨੂੰ ਆਖਿਆ, “ਤੁਹਾਡਾ ਕੋਈ ਦੋਸ਼ ਨਹੀਂ। ਕਿਸੇ ਅਣਜਾਣ ਵਿਅਕਤੀ ਲਈ ਫ਼ਰੀਦ ਨੂੰ ਪਹਿਚਾਨਣਾ ਅਸਾਨ ਨਹੀਂ। ਕਿਉਂਕਿ ਫ਼ਰੀਦ ਜੀ ਗ਼ਰੀਬੀ ਜੀਵਨ ਬਤੀਤ ਕਰਦੇ ਹਨ। ਬਾਜਰੇ ਦੀਆਂ ਖ਼ੁਸ਼ਕ ਰੋਟੀਆ ਨਾਲ ਹੀ ਪੇਟ ਦੀ ਭੁੱਖ ਨੂੰ ਝੁਲਕਾ ਦੇ ਲੈਂਦੇ ਹਨ।”:-

ਫ਼ਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁਖ।।

ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਮੇਰੀ ਰੋਟੀ ਭਾਵੇਂ ਸੁੱਕੀ ਹੋਈ ਹੈ,ਪਰੰਤੂ ਇਹੋ ਮੇਰੀ ਭੁੱਖ ਨੂੰ ਸ਼ਾਂਤ ਕਰ ਸਕਦੀ ਹੈ। ਜਿਹੜੇ ਇਨਸਾਨ ਚੋਪੜੀਆਂ ਰੋਟੀਆਂ ਦੀ ਖ਼ਾਹਿਸ਼ ਕਰਦੇ ਹਨ, ਉਹਨਾਂ ਦੀ ਭੁੱਖ ਸਗੋਂ ਹੋਰ ਵਧਦੀ ਹੈ, ਨੀਤ ਖ਼ਰਾਬ ਹੋ ਜਾਂਦੀ ਹੈ ਅਤੇ ਅੰਤ ਅਜਿਹੇ ਭੈੜੀ ਨੀਤ ਵਾਲਿਆਂ ਨੂੰ ਬਹੁਤੇ ਦੁੱਖ ਸਹਿਣੇ ਪੈਂਦੇ ਹਨ।)

ਭਾਵੇ ਫ਼ਰੀਦ ਜੀ ਨੂੰ ਲੋਕ ਅਨੇਕਾਂ ਵਸਤਾਂ ਭੇਂਟ ਕਰਦੇ ਸਨ। ਪਰ ਉਹ ਸਭ ਲੋੜਮੰਦਾਂ ਵਿੱਚ ਤਕਸੀਮ ਕਰ ਦਿੰਦੇ ਸਨ। ਇਹ ਸਭ ਸੁਣ ਕੇ ਉਸ ਅਜਨਬੀ ਦੇ ਹਿਰਦੇ ਵਿੱਚ ਸ਼ੇਖ਼ ਫ਼ਰੀਦ ਲਈ ਸ਼ਰਧਾ ਹੋਰ ਵੱਧ ਗਈ।

-----

ਇੱਕ ਹੋਰ ਸਾਖੀ ਮੁਤਾਬਿਕ ਇੱਕ ਵਾਰ ਕਿਸੇ ਸ਼ਰਧਾਲੂ ਨੇ ਫ਼ਰੀਦ ਜੀ ਨੂੰ ਇੱਕ ਸੋਨੇ ਦੀ ਕੈਂਚੀ ਭੇਟ ਕਰਨੀ ਚਾਹੀ ਤਾਂ ਉਹਨਾਂ ਨੇ ਫਰਮਾਇਆ ਕਿ ਮੈਨੂੰ ਕੈਂਚੀ ਦੀ ਨਹੀਂ, ਲੋਹੇ ਦੀ ਸੂਈ ਦੀ ਜ਼ਰੂਰਤ ਹੈ। ਕੈਂਚੀ ਹਮੇਸ਼ਾਂ ਨਖੇੜਦੀ ਹੈ ਜਦੋਂ ਕਿ ਸੂਈ ਜੋੜਨ ਦਾ ਕੰਮ ਕਰਦੀ ਹੈ। ਇਸ ਲਈ ਮੈਂ ਚਾਹੁੰਦਾ ਹਾਂ ਮੇਰੇ ਕੋਲੋਂ ਕਦੇ ਕੁਝ ਟੁੱਟੇ ਨਾ ਸਦਾ ਕੁੱਝ ਨਾ ਕੁਝ ਜੋੜਦਾ ਹੀ ਰਹਾਂ।

-----

ਸੂਫ਼ੀਵਾਦ ਦਾ ਪ੍ਰਚਾਰ ਕਰਦੇ ਸਮੇਂ ਬਹੁਤ ਸਾਰੇ ਲੋਕ ਫ਼ਰੀਦ ਜੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਮੁਰੀਦ ਬਣ ਗਏ ਸਨ। ਉਸ ਵਕਤ ਦੇ ਪ੍ਰਸਿਧ ਕਬੀਲੇ ਜਿਵੇਂ ਸਿਆਲ, ਸਰਹੰਗਵਾਲ, ਬਹਿਲੋ, ਝੱਖੜਵਾਲ, ਬਹਿਕ, ਹੱਕ ਸਿਆ, ਖੋਖਰ, ਢੱਡੇ ਤੇ ਟੋਬੇ ਆਦਿ ਜੋ ਝੰਗ ਤੇ ਸ਼ਾਹਕੋਟ ਜ਼ਿਲ੍ਹਿਆਂ ਵਿੱਚ ਅੱਜ ਵੀ ਫੈਲੇ ਹੋਏ ਹਨ ਫ਼ਰੀਦ ਜੀ ਨੂੰ ਵਿਸ਼ੇਸ਼ ਆਦਰ ਮਾਣ ਦਿਆ ਕਰਦੇ ਸਨ। ਸੂਫੀਵਾਦ ਦੇ ਪਰਸਾਰ ਲਈ ਫ਼ਰੀਦ ਜੀ ਦੇ ਪਾਏ ਯੋਗਦਾਨ ਦਾ ਜ਼ਿਕਰ ਕਰਦਾ ਹੋਇਆ ਹਿਮਿਲਟਨ ਗਿਬ ਲਿਖਦਾ ਹੈ ਕਿ “Sheikh Farid is a seminal personality in the development of Islamic Mystical movement in India”

------

ਅਯੋਧਨ ਹੀ ਫ਼ਰੀਦ ਜੀ ਦੀ ਆਯੂ ਪੰਚੀ ਸਾਲ ਦੀ ਹੋ ਗਈ ਸੀ। ਇੱਥੋਂ ਹੀ ਉਹ ਸ਼ੇਖ਼ ਸ਼ਹਾਬ-ਉਦ-ਦੀਨ ਸੁਹਰਵਾਦੀ (ਜਨਮ,ਜਨਵਰੀ,1145 ਤੇ ਦਿਹਾਂਤ ਸਤੰਬਰ 26,1234) ਪਾਸ ਜਾਣ ਇੱਛਾ ਨਾਲ ਬਗ਼ਦਾਦ ਜਾਂਦੇ ਸਮੇਂ ਰਾਹ ਵਿੱਚ ਬੁਖ਼ਾਰਾ ਵਿਖੇ ਇੱਕ ਪੁੱਜੇ ਫ਼ਕੀਰ ਅਜ਼ਬ ਸ਼ੇਰਾਜ਼ੀ ਕੋਲ ਚਲੇ ਗਏ। ਸ਼ੇਰਾਜੀ ਨੇ ਫ਼ਰੀਦ ਜੀ ਨੂੰ ਦੇਖਦੇ ਨੇਕ ਆਦਮੀ, ਨੇਕ ਆਦਮੀ ਦਾ ਨਾਅਰਾ ਲਾਉਣਾ ਸ਼ੁਰੂ ਕਰ ਦਿੱਤਾ।

-----

ਕੁਝ ਦਿਨ ਫ਼ਰੀਦ ਜੀ ਨੇ ਸ਼ੇਰਾਜ਼ੀ ਦੀ ਚਰਨ ਬੋਸੀ ਕੀਤੀ। ਆਪ ਅਜ਼ਲ ਸ਼ੇਰਾਜ਼ੀ ਦੇ ਉਪਦੇਸ਼ਾਂ ਤੋਂ ਕਾਫ਼ੀ ਮੁਤਾਸਿਰ ਹੋਏ। ਉਹ ਕਿਹਾ ਕਰਦੇ ਸਨ ਕਿ ਫ਼ਕੀਰ ਨੂੰ ਮੋਹ ਮਾਇਆ ਦਾ ਤਿਆਗ ਅਤੇ ਦੌਲਤ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

-----

ਫ਼ਰੀਦ ਜੀ ਨੂੰ ਬਗ਼ਦਾਦ ਵਿਖੇ ਹੀ ਹਜ਼ਰਤ ਕਿਰਮਾਨੀ ਦੇ ਦਰਸ਼ਨ ਵੀ ਹੋਏ ਸਨ। ਫ਼ਰੀਦ ਜੀ ਉਹਨਾਂ ਨਾਲ ਸੀਸਤਾਨ ਵੀ ਗਏ। ਬਗ਼ਦਾਦ ਵਿੱਚ ਫ਼ਰੀਦ ਜੀ ਨੂੰ ਸੁਹਰਾਵਰਦੀ, ਜਲਾਲ-ਉਦ-ਦੀਨ ਤਬਰੇਜ਼ੀ, ਵਹੀ-ਉਦ-ਦੀਨ ਵਰਗੇ ਮੁਰਸ਼ਦਾਂ ਦੀ ਸੰਗਤ ਪ੍ਰਾਪਤ ਹੋਈ ਸੀ। ਇਥੇ ਹੀ ਫ਼ਰੀਦ ਜੀ ਨੇ ਅਵਾਰਫ-ਉਅ-ਮਾਅਰਫ (ਜਿਸ ਨੂੰ ਹਕੀਕ ਵੀ ਕਹਿੰਦੇ ਹਨ) ਨਾਮੀ ਪੁਸਤਕ ਦਾ ਅਧਿਐਨ ਵੀ ਕੀਤਾ।

-----

ਕਾਕੀ ਜੀ ਵੱਲੋਂ ਫ਼ਰੀਦ ਜੀ ਨਾਲ ਸ਼ਾਦੀ ਦੀ ਜ਼ਿਕਰ ਛੇੜੇ ਜਾਣ ਤੇ ਫ਼ਰੀਦ ਜੀ ਅਕਸਰ ਖ਼ਾਮੋਸ਼ ਹੋ ਜਾਇਆ ਕਰਦੇ ਸਨ। ਪਰ ਇੱਕ ਵਾਰੀ ਕਾਕੀ ਜੀ ਨੇ ਫ਼ਰੀਦ ਜੀ ਨੂੰ ਵਿਆਹ ਦੇ ਸੰਦਰਭ ਵਿੱਚ ਪ੍ਰਸ਼ਨ ਕਰ ਹੀ ਲਿਆ ਤਾਂ ਫ਼ਰੀਦ ਜੀ ਆਖਣ ਲੱਗੇ, “ਖ਼ੌਫਜ਼ਦਾ ਹਾਂ ਕਿ ਜੇ ਔਲਾਦ ਅਲਾਹ ਦਾ ਸਿਮਰਨ ਕਰਨ ਵਾਲੀ ਨਾ ਹੋਈ ਤਾਂ ਖ਼ੁਦਾ ਪਾਸ ਕਿਹੜਾ ਮੂੰਹ ਲੈ ਕੇ ਜਾਵਾਂਗਾ?”

ਇਹ ਸੁਣ ਕੇ ਖ਼ਵਾਜਾ ਸਾਹਿਬ ਨੇ ਫ਼ਰੀਦ ਜੀ ਨੂੰ ਸਮਝਾਇਆ-ਬੁਝਾਇਆ ਤੇ ਨਿਕਾਹ ਵਾਸਤੇ ਇਹ ਕਹਿ ਕੇ ਰਾਜ਼ੀ ਕੀਤਾ ਕਿ ਅਗਰ ਨੇਕ ਔਲਾਦ ਹੋਈ ਤਾਂ ਤੁਹਾਡੀ ਤੇ ਜੇ ਬੁਰੀ ਹੋਈ ਤਾਂ ਉਸਨੂੰ ਜਾਂ ਅੱਲਾਹ ਜਾਣੇ ਜਾਂ ਅਸੀਂ ਸਮਝੀਏ। ਉਸ ਤੋਂ ਕੁੱਝ ਚਿਰ ਬਾਅਦ ਫ਼ਰੀਦ ਜੀ ਦੀ ਸ਼ਾਦੀ ਅਲਗ ਖ਼ਾਨ ਸਿਪਾਹ-ਸਲਾਰ ਦੀ ਲੜਕੀ ਨਾਲ ਹੋਈ। ਬਾਅਦ ਵਿੱਚ ਅਲਗ ਖ਼ਾਨ ਹੀ ਬਾਦਸ਼ਾਹ ਬਲਬਨ ਬਣਿਆ ਤੇ ਪ੍ਰਸਿੱਧ ਹੋਇਆ।

------

ਫ਼ਰੀਦ ਦੇ ਪੰਜ ਪੁੱਤਰ ਅਤੇ ਤਿੰਨ ਧੀਆਂ ਸਨ। ਸਭ ਤੋਂ ਵੱਡਾ ਪੁੱਤਰ ਨਸੀਰੁਦੀਨ ਰੱਬ ਦਾ ਭਗਤ ਬੰਦਾ ਸੀ, ਜੋ ਬਹੁਤਾ ਸਮਾਂ ਪੂਜਾ-ਪਾਠ ਕਰਦਿਆਂ ਬਤੀਤ ਕਰਦਾ। ਪਰੰਤੂ ਉਪਜੀਵਕਾ ਕਮਾਉਣ ਲਈ ਉਹ ਖੇਤੀਬਾੜੀ ਦਾ ਕੰਮ ਕਰਦਾ ਸੀ। ਨਸੀਰੁਦੀਨ ਦਾ ਪੁੱਤਰ ਸ਼ੇਖ਼ ਕਮਾਲਉਦ ਦੀਨ ਵੀ ਇੱਕ ਬੜਾ ਪ੍ਰਸਿੱਧ ਫ਼ਕੀਰ ਬਣ ਗਿਆ ਸੀ। ਦੂਜਾ ਪੁੱਤਰ ਸ਼ਹਾਬੁਦੀਨ, ਸ਼ੇਖ ਨਿਜਾਮੁਦੀਨ ਔਲੀਆ ਦਾ ਬੜਾ ਕਰੀਬੀ ਸਾਥੀ ਰਿਹਾ ਸੀ। ਤੀਜਾ ਬਦਰੁਦੀਨ ਸੁਲੇਮਾਨ ਚਿਸ਼ਤੀ ਖ਼ਲੀਫ਼ੇ ਵਜੋਂ ਮਸ਼ਹੂਰ ਹੋਇਆ। ਉਸਦਾ ਪੁੱਤਰ ਸ਼ੇਖ਼ ਅਲਾਉਦੀਨ ਵੀ ਸੁਲਤਾਨ ਅਲਾਉਦੀਨ ਖਿਲਜੀ ਦੇ ਜ਼ਮਾਨੇ ਵਿੱਚ ਇੱਕ ਵੱਡਾ ਸੂਫ਼ੀ ਫ਼ਕੀਰ ਬਣ ਚੁੱਕਾ ਸੀ। ਉਸਦੀ ਸ਼ੁਹਰਤ ਸੀਰੀਆ ਅਤੇ ਮਿਸਰ ਤੱਕ ਪਹੁੰਚ ਗਈ ਸੀ। ਸੁਲਤਾਨ ਮਹਿਮੂਦ ਬਿਨ ਤੁਗਲਕ ਉਸਦਾ ਮੁਰੀਦ ਸੀ। ਫ਼ਰੀਦ ਜੀ ਵਾਂਗ ਹੀ ਸ਼ੇਖ਼ ਅਲਾਉਦੀਨ ਨੇ ਵੀ ਆਪਣੀ ਸਾਰੀ ਜ਼ਿੰਦਗੀ ਰੱਬ ਦੀ ਬੰਦਗੀ ਵਿੱਚ ਬਸਰ ਕੀਤੀ। ਫ਼ਰੀਦ ਜੀ ਆਪਣੇ ਚੌਥੇ ਪੁੱਤਰ ਨਿਜ਼ਾਮੁਦੀਨ ਨੂੰ ਬਹੁਤ ਲਾਡ ਕਰਦੇ ਸਨ। ਪਰੰਤੂ ਉਸਨੇ ਫ਼ਕੀਰ ਬਣਨ ਦੀ ਬਜਾਏ ਸਿਪਾਹੀ ਦਾ ਜੀਵਨ ਜਿਉਣ ਨੂੰ ਤਰਜੀਹ ਦਿੱਤੀ ਤੇ ਬਲਬਨ ਦੀ ਫ਼ੌਜ ਵਿੱਚ ਭਰਤੀ ਹੋ ਗਿਆ। ਜਦੋਂ ਮੁਗਲਾਂ ਨੇ ਅਯੋਧਨ ਉੱਤੇ ਹਮਲਾ ਕੀਤਾ ਤਾਂ ਆਪਣੇ ਵਤਨ ਦੀ ਰਾਖੀ ਲਈ ਲੜਦਾ ਸ਼ਹੀਦ ਹੋ ਗਿਆ। ਪੰਜਵਾਂ ਪੁੱਤਰ ਸ਼ੇਖ਼ ਯਾਕੂਬ ਇੱਕ ਮਾਮੂਲੀ ਸੂਫ਼ੀ ਫ਼ਕੀਰ ਸੀ ਅਤੇ ਉਸਦੇ ਜੀਵਨ ਬਾਰੇ ਕੋਈ ਬਹੁਤਾ ਵੇਰਵਾ ਨਹੀਂ ਲੱਭਦਾ। ਫ਼ਰੀਦ ਜੀ ਦੀਆਂ ਧੀਆਂ ਵਿਚੋਂ ਬੀਬੀ ਸ਼ਰੀਫਾ ਸਭ ਤੋਂ ਵੱਡੀ ਸੀ। ਉਹ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਉਸਨੇ ਦੁਬਾਰਾ ਵਿਆਹ ਨਹੀਂ ਸੀ ਕਰਵਾਇਆ ਅਤੇ ਆਪਣੀ ਜ਼ਿੰਦਗੀ ਰੱਬ ਦੀ ਇਬਾਦਤ ਵਿੱਚ ਹੰਢਾਈ। ਫ਼ਰੀਦ ਜੀ ਦੀ ਇੱਛਾ ਸੀ ਕਿ ਜੇ ਇਸਤਰੀਆਂ ਨੂੰ ਖ਼ਲੀਫ਼ਾ ਬਣਨ ਦਾ ਹੱਕ ਹੁੰਦਾ ਤਾਂ ਉਹ ਬੀਬੀ ਸ਼ਰੀਫਾ ਨੂੰ ਆਪਣਾ ਖ਼ਲੀਫ਼ਾ ਜ਼ਰੂਰ ਬਣਾਉਂਦੇ। ਫ਼ਰੀਦ ਜੀ ਦੀ ਦੂਜੀ ਧੀ ਬਾਰੇ ਵੀ ਕੋਈ ਖ਼ਾਸ ਜਾਣਕਾਰੀ ਉਪਲਬਧ ਨਹੀਂ ਹੈ। ਤੀਜੀ ਧੀ ਮੁਰੀਦ ਬਦਰੁਦੀਨ ਇਸਹਾਕ ਨਾਲ ਵਿਆਹੀ ਹੋਈ ਸੀ।

-----

ਸ਼ੇਖ਼ ਜ਼ਿਆ-ਉਦ-ਦੀਨ ਜਦੋਂ ਫ਼ਰੀਦ ਜੀ ਨੂੰ ਮਿਲਣ ਆਏ ਤਾਂ ਉਹ ਬੜੇ ਘੁੱਟੇ-ਘੁੱਟੇ ਬੈਠੇ ਸਨ। ਉਹਨਾਂ ਨੂੰ ਡਰ ਸੀ ਕਿ ਕਿਧਰੇ ਫ਼ਰੀਦ ਜੀ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਦਾ ਤਵਾ ਹੀ ਨਾ ਲਾਉਣ ਲੱਗ ਜਾਣ। ਲੇਕਿਨ ਫ਼ਰੀਦ ਜੀ ਨੇ ਵੈਸੇ ਕੁਝ ਨਾ ਕੀਤਾ ਤੇ ਸ਼ੇਖ਼ ਸਾਹਿਬ ਦਾ ਦਿਲ ਜਿੱਤ ਲਿਆ।

-----

ਇੱਕ ਵਾਰ ਕਿਸੇ ਮੁਰੀਦ ਨੇ ਫ਼ਰੀਦ ਜੀ ਤੋਂ ਸੁਲਤਾਨ ਬਲਬਨ ਵੱਲ ਸਿਫ਼ਾਰਿਸ਼ੀ ਚਿੱਠੀ ਮੰਗੀ ਤਾਂ ਆਪ ਨੇ ਬਲਬਨ ਨੂੰ ਲਿਖਿਆ, “ਜੇ ਇਸਦਾ ਕੰਮ ਕਰ ਦੇਵੇਂਗਾ ਤਾਂ ਅਸਲ ਵਿੱਚ ਕੰਮ ਅੱਲਾਹ ਵਲੋਂ ਹੀ ਹੋਵੇਗਾ ਤੇ ਤੁਸੀਂ ਧੰਨਵਾਦ ਦੇ ਪਾਤਰ ਹੋਵੋਂਗੇ। ਜੇ ਕੰਮ ਨਾ ਕੀਤਾ ਰੁਕਾਵਟ ਵੀ ਅਲਾਹ ਵਲੋਂ ਹੀ ਹੋਵੇਗੀ ਤੇ ਤੁਸੀਂ ਅਸਮਰੱਥ ਸਮਝੇ ਜਾਉਂਗੇ।

-----

ਇੱਕ ਦਫ਼ਾ ਫ਼ਰੀਦ ਜੀ ਦੇ ਮਨ ਵਿੱਚ ਵਿਚਾਰ ਆਇਆ ਕਿ ਚਾਰ ਮੁੱਢਲੇ ਸਵਾਲਾਂ ਦਾ ਜੁਆਬ ਵੱਖ-ਵੱਖ ਸੌ ਦਰਵੇਸ਼ਾਂ ਕੋਲੋਂ ਪੁੱਛਿਆ ਜਾਵੇ ਤਾਂ ਕਿ ਲੋਕਾਂ ਦਾ ਰਾਹ ਸੁਖਾਲਾ ਹੋਵੇ। ਆਪ ਹੈਰਾਨ ਹੋਏ ਕਿ ਹਰ ਦਰਵੇਸ਼ ਨੇ ਇੱਕੋ ਜਿਹਾ ਹੀ ਜਵਾਬ ਦਿੱਤਾ। ਉਹ ਚਾਰ ਪ੍ਰਸ਼ਨ ਇਹ ਨਿਮਨ ਲਿਖਤ ਸਨ:-

ਪਹਿਲਾ: ਸਭ ਤੋਂ ਅਕਲਮੰਦ ਕੌਣ ਹੈ?

ਉੱਤਰ: ਤਿਆਗੀ

.........

ਦੂਜਾ: ਸਭ ਤੋਂ ਵੱਡਾ ਕੌਣ ਹੈ?

ਜੁਆਬ: ਜੋ ਦੁੱਖ ਸੁੱਖ ਸਮਾਨ ਕਰਕੇ ਜਾਣਦਾ ਹੈ।

...............

ਤੀਜਾ: ਸਭ ਤੋਂ ਅਮੀਰ ਕੌਣ ਹੈ?

ਉੱਤਰ: ਸੰਤੋਖੀ।

.........

ਚੌਥਾ: ਗ਼ਰੀਬ ਕੌਣ ਹੈ।

ਉੱਤਰ: ਹਿਰਸੀ ਜਾਂ ਤ੍ਰਿਸ਼ਨਾਲੂ

-----

ਫ਼ਰੀਦ ਜੀ ਨੇ ਆਪਣੇ ਜੀਵਨ ਕਾਲ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਘੁੰਮ ਫਿਰ ਕੇ ਬਾਣੀ ਦਾ ਪ੍ਰਚਾਰ ਕੀਤਾ। ਉਹ ਹਿੰਦੁਸਤਾਨ ਵਿੱਚ ਦਿੱਲੀ, ਅਜਮੇਰ ਸ਼ਰੀਫ਼, ਰਜਬਪੁਰ, ਬਦਾਯੂੰ, ਹਾਂਸੀ, ਫ਼ਰੀਦਕੋਟ, ਲਾਹੌਰ, ਦੀਪਾਲਪੁਰ ਅਤੇ ਚੱਕ ਦੀਵਾਨ ਸਮੇਤ ਬਹੁਤ ਸਾਰੇ ਸ਼ਹਿਰਾਂ ਵਿੱਚ ਗਏ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਆਪ ਨੇ ਮੱਕਾ, ਮਦੀਨਾ, ਬਗ਼ਦਾਦ, ਬੁਖ਼ਾਰਾ, ਸੀਸਤਾਨ, ਬਦਖਸ਼ਾ, ਕਰਮਾਨ, ਕੰਧਾਰ ਅਤੇ ਗਜਨੀ ਆਦਿ ਸ਼ਹਿਰਾਂ ਦਾ ਫੇਰਾ ਵੀ ਲਾਇਆ।

-----

ਫ਼ਰੀਦ ਜੀ ਅਰਬੀ, ਫ਼ਾਰਸੀ, ਉਰਦੂ, ਹਿੰਦੀ ਅਤੇ ਪੰਜਾਬੀ ਆਦਿ ਭਾਸ਼ਾਵਾਂ ਦੇ ਗਿਆਤਾ ਸਨ। ਆਪ ਆਪਣੇ ਵਿਰਦ ਵਜ਼ੀਫਿਆਂ (ਰੱਬ ਦੀ ਬੰਦਗੀ) ਅਤੇ ਸੁਨੇਹੇ ਪੱਤਰਾਂ ਲਈ ਪੰਜਾਬੀ ਹੀ ਇਸਤੇਮਾਲ ਕਰਿਆ ਕਰਦੇ ਸਨ। ਬਹਾਉਦੀਨ ਜ਼ਿਕਰੀਆ ਨਾਲ ਫ਼ਰੀਦ ਜੀ ਦਾ ਖ਼ਿਆਲੀ ਮਤਭੇਦ ਹੋਣ ਤੇ ਵੀ ਅਕਸਰ ਉਹਨਾਂ ਦਾ ਪੱਤਰ ਵਿਹਾਰ ਚਲਦਾ ਰਹਿੰਦਾ ਹੁੰਦਾ ਸੀ। ਮੋਹ ਪਿਆਰ ਦੇ ਰਿਸ਼ਤੇ ਦੀ ਮਜ਼ਬੂਤੀ ਲਈ ਬਹਾਉਦੀਨ ਫ਼ਰੀਦ ਜੀ ਨੂੰ ਤੁਹਫੇ ਵੱਜੋਂ ਮੁਲਤਾਨੋਂ ਗਾਜਰਾਂ ਭੇਜਦੇ ਹੁੰਦੇ ਸਨ ਤੇ ਉਹਨਾਂ ਦੇ ਵੱਟੇ ਫ਼ਰੀਦ ਜੀ ਬਹਾਉਦੀਨ ਨੂੰ ਬੇਰ ਘੱਲਦੇ ਹੁੰਦੇ ਸਨ। ਇੱਕ ਵਾਰ ਬਹਾਉਦੀਨ ਗਾਜਰਾਂ ਭੇਜਣੀਆਂ ਭੁੱਲ ਗਏ ਤਾਂ ਉਹਨਾਂ ਨੂੰ ਯਾਦ ਕਰਵਾਉਣ ਲਈ ਫ਼ਰੀਦ ਜੀ ਨੇ ਇਹ ਸ਼ੇਅਰ ਲਿਖ ਭੇਜਿਆ:-

ਹਥੜੀਂ ਵਟੋਂ ਹਥੜੇ, ਪੈਂਰਾਂ ਵਟੋਂ ਪੈਰ

ਤੁਸਾਂ ਨਾ ਮੁਤੀਆਂ ਗਾਜਰਾਂ, ਅਸਾਂ ਨਾ ਮੁੱਤੇ ਬੇਰ।

-----

ਫ਼ਰੀਦ ਜੀ ਦੀ ਬਾਣੀ ਵਿੱਚ ਹਉਮੈ ਨੂੰ ਮਾਰਨ , ਖਿਮਾ ਕਰਨ, ਸਬਰ-ਸੰਤੋਖ ਧਾਰਣ ਕਰਣ ਅਤੇ ਮਿੱਠਾ ਬੋਲਣ ਉੱਤੇ ਵਾਰ ਵਾਰ ਜ਼ੋਰ ਦਿੱਤਾ ਗਿਆ ਹੈ। ਨਿੰਦਿਆ ਚੁਗਲੀ ਦੀ ਤਾਂ ਫ਼ਰੀਦ ਜੀ ਸਖ਼ਤ ਮੁਖ਼ਾਲਿਫ਼ਤ ਕਰਦੇ ਸਨ। ਉਹਨਾਂ ਦੀ ਬਾਣੀ ਵਿੱਚੋਂ ਉਹਨਾਂ ਦੀ ਨਿਮਰਤਾ ਦੀਆਂ ਅਨੇਕਾਂ ਮਿਸਾਲਾਂ ਮਿਲਦੀਆ ਹਨ। ਜਿਵੇ:-

ਫ਼ਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ।।

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ।।

( ਅਰਥ:- ਫ਼ਰੀਦ ਜੀ ਉਚਾਰਦੇ ਹਨ ਕਿ ਮਿੱਟੀ ਨੂੰ ਐਵੇਂ ਨਾ ਸਮਝੋ। ਇਹ ਬੜੀ ਮਹਾਨ ਹੈ ਅਤੇ ਇਸ ਵਰਗਾ ਹੋਰ ਕੋਈ ਨਹੀਂ ਹੈ। ਅੱਜ ਜਿਹੜੀ ਮਿੱਟੀ ਪੈਰਾਂ ਹੇਠ ਰੁਲਦੀ ਪ੍ਰਤੀਤ ਹੁੰਦੀ ਹੈ, ਮੌਤ ਪਿੱਛੋਂ ਇਹੀ ਮਿੱਟੀ ਸਾਡਾ ਕੱਜਣ ਬਣੇਗੀ।)

*****

ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਤੀਜਾ ਜ਼ਰੂਰ ਪੜ੍ਹੋ ਜੀ।

ਬਲਰਾਜ ਸਿੱਧੂ - ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ – ਲੇਖ – ਭਾਗ - ਤੀਜਾ

ਸ਼ਾਂਤੀ ਦੇ ਪੁੰਜ: ਬਾਬਾ ਸ਼ੇਖ਼ ਫ਼ਰੀਦ ਜੀ

ਲੇਖ ਭਾਗ ਤੀਜਾ

ਲੜੀ ਜੋੜਨ ਲਈ ਉਪਰਲੀਆਂ ਪੋਸਟਾਂ ਭਾਗ ਪਹਿਲਾ ਅਤੇ ਦੂਜਾ ਜ਼ਰੂਰ ਪੜ੍ਹੋ ਜੀ।

******

ਪੁਰਾਣੇ ਸਮਿਆਂ ਵਿੱਚ ਖ਼ਿਲਾਫ਼ਤਨਾਮੇ ਹੋਇਆ ਕਰਦੇ ਸਨ। ਇਹ ਉਹ ਦਸਤਾਵੇਜ਼ ਹੁੰਦੇ ਸਨ ਜਿਨ੍ਹਾਂ ਵਿੱਚ ਉਹਨਾਂ ਸਾਰੇ ਸ਼ਾਗਿਰਦਾਂ ਦੇ ਨਾਮ ਲਿਖੇ ਹੁੰਦੇ ਸਨ, ਜਿਨ੍ਹਾਂ ਨੂੰ ਗੁਰੂ ਆਪਣੇ ਦੁਆਰਾ ਥਾਪੇ ਹੋਏ ਖ਼ਲੀਫ਼ੇ ਸਮਝਦਾ ਸੀ। ਸ਼ੇਖ਼ ਫ਼ਰੀਦ ਜੀ ਦੇ ਖ਼ਿਲਾਫ਼ਤਨਾਮਿਆਂ ਉੱਪਰ ਮੌਲਾਨਾ ਬਦਰੂਦੀਨ ਇਸਹਾਕ ਅਤੇ ਸ਼ੇਖ਼ ਜਮਾਲੁਦੀਨ ਦੇ ਦਸਤਖ਼ਤ ਹੋਇਆ ਕਰਦੇ ਸਨ। ਉਂਝ ਫ਼ਰੀਦ ਜੀ ਦੇ ਬਹੁਤ ਸਾਰੇ ਖ਼ਲੀਫ਼ੇ ਸਨ ਪਰ ਸੀਅਰੁਲ ਔਲੀਆ ਵਿੱਚ ਕੇਵਲ ਸੱਤ ਖ਼ਲੀਫ਼ਿਆਂ ਬਾਰੇ ਵਿਚਾਰ ਕੀਤੀ ਗਈ ਹੈ।

ਫ਼ਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ।।

ਸਾਖ ਪਕੰਦੀ ਆਇਆ ਹੋਰ ਕਰੇਂਦੀ ਵੰਨ ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਦੁਨਿਆਵੀ ਨਜ਼ਾਰੇ ਵੇਖ ਕੇ ਅੱਖਾਂ ਕਮਜ਼ੋਰ ਹੋ ਗਈਆਂ ਹਨ, ਸੁਣ ਕੇ ਕੰਨ ਬੋਲ਼ੇ ਹੋ ਗਏ ਹਨ। ਜਿਵੇਂ ਖੇਤੀ ਪੱਕਣ ਸਮੇਂ ਰੰਗ ਬਦਲਦੀ ਹੈ, ਇਸ ਤਰ੍ਹਾਂ ਮੌਤ ਦਾ ਸਮਾਂ ਨੇੜੇ ਆ ਢੁੱਕਣ ਤੇ ਜੀਵਨ ਵੀ ਆਪਣੇ ਰੰਗ-ਢੰਗ ਬਦਲਣ ਲੱਗਦਾ ਹੈ। )

-----

ਫ਼ਰੀਦ ਜੀ ਆਪਣੇ ਕਥਨ ਤੇ ਸਾਰੀ ਉਮਰ ਪਹਿਰਾ ਦੇਂਦੇ ਰਹੇ ਸਨ। ਸਰੀਰ ਕਮਜ਼ੋਰ ਹੋਣ ਕਾਰਨ ਇੱਕ ਵਾਰੀ ਸੋਟੀ ਦੇ ਸਹਾਰੇ ਟੁਰ ਕੇ ਥੋੜ੍ਹਾ ਕੁ ਦੂਰ ਗਏ ਹੀ ਸਨ ਕਿ ਸੋਟੀ ਵਗਾਹ ਮਾਰੀ ਤੇ ਕਿਹਾ, “ਫ਼ਰੀਦ ਲਈ ਇਹ ਨਹੀਂ ਜੱਚਦਾ ਕਿ ਪ੍ਰਭੂ ਦੇ ਨਾਮ ਨੂੰ ਛੱਡ ਕੇ ਕਿਸੇ ਬੇ-ਜਾਨ ਲੱਕੜੀ ਦੇ ਸਹਾਰੇ ਟੁਰੇ।

ਫ਼ਰੀਦਾ ਇਨੀ ਨਿਕੀ ਜੰਘੀਐ ਥਲ ਫੂੰਗਰ ਭਵਿਓਮਿ।।

ਅਜੁ ਫ਼ਰੀਦੈ ਕੂਜੜਾ ਸੈ ਕੋਹਾਂ ਥੀਓਮਿ ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਇਹਨਾਂ ਛੋਟੀਆਂ-ਛੋਟੀਆਂ ਲੱਤਾਂ ਦੇ ਸਹਾਰੇ ਮੈਂ ਥਲ ਅਤੇ ਪਹਾੜ ਗਾਹ ਛੱਡੇ ਹਨ, ਪਰ ਅਜ ਜਦੋਂ ਕਿ ਮੈਂ ਬੁੱਢਾ ਹੋ ਗਿਆ ਹਾਂ ਤਾਂ ਵਜੂ ਕਰਨ ਵਾਲਾ ਕੁੱਜਾ ਵੀ ਸੌ ਕੋਹਾਂ ਦੀ ਵਿੱਥ ਤੇ ਪ੍ਰਤੀਤ ਹੁੰਦਾ ਹੈ।)

ਅੰਤ ਸਮਾਂ ਨੇੜੇ ਜਾਣ ਕੇ ਫ਼ਰੀਦ ਜੀ ਨੇ ਨਿਜ਼ਾਮ-ਉਦ-ਦੀਨ ਔਲੀਆ ਨੂੰ ਖ਼ਿਲਾਫ਼ਤ ਸੌਂਪੀ ਤੇ ਕਿਹਾ, “ਜਾਉ ਖ਼ੁਦਾ ਦੇ ਹਵਾਲੇ। ਹੁਣ ਹਸ਼ਰ ਵਿੱਚ ਮੁਲਾਕਾਤ ਹੋਵੇਗੀ।

ਦੇਖੁ ਫ਼ਰੀਦਾ ਜੁ ਥੀਆ ਦਾੜੀ ਹੋਈ ਭੂਰ।।

ਅਗਰੁ ਨੇੜਾ ਆਇਆ ਪਿਛਾ ਰਹਿਆ ਦੂਰਿ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਦੇਖੋ ਕੀ ਹੋ ਰਿਹਾ ਹੈ। ਮੇਰੀ ਦਾੜੀ ਦੇ ਵਾਲ ਭੂਰੇ ਅਤੇ ਚਿੱਟੇ ਹੁੰਦੇ ਜਾ ਰਹੇ ਹਨ। ਲੱਗਦਾ ਹੈ ਕਿ ਮੌਤ ਦਾ ਸਮਾਂ ਕਰੀਬ ਆ ਰਿਹਾ ਹੈ ਅਤੇ ਜੀਵਨ ਪਿੱਛੇ ਛੁੱਟਦਾ ਜਾ ਰਿਹਾ ਹੈ। )

ਬੁੱਢਾ ਹੋਆ ਸ਼ੇਖ਼ ਫ਼ਰੀਦੁ ਕੰਬਣਿ ਲਗੀ ਦੇਹ।।

ਜੇ ਸਉ ਵਰ੍ਹਿਆ ਜੀਵਣਾ ਭੀ ਤਨੁ ਹੋਸੀ ਖੇਹ।।

( ਅਰਥ:- ਜਦੋਂ ਇਨਸਾਨ ਬੁੱਢਾ ਹੋ ਜਾਂਦਾ ਹੈ ਤਾਂ ਉਸਦਾ ਸਾਰਾ ਸਰੀਰ ਕੰਬਣਾ ਸ਼ੁਰੂ ਹੋ ਜਾਂਦਾ ਹੈ, ਪਰ ਭਾਵੇਂ ਇਨਸਾਨ ਦੀ ਆਯੂ ਸੌ ਵਰ੍ਹੇ ਲੰਬੀ ਵੀ ਕਿਉਂ ਨਾ ਹੋਵੇ, ਇਕ ਦਿਨ ਤਾਂ ਉਸਨੇ ਮਰਨਾ ਹੀ ਹੈ। )

-----

ਫ਼ਰੀਦ ਜੀ ਨੇ 5 ਮੁਹੱਰਮ ਨੂੰ ਪੰਜ ਵਾਰੀ ਕ਼ੁਰਾਨ ਦਾ ਪੂਰਾ ਪਾਠ ਕੀਤਾ। ਮਗ਼ਰਬ (ਸ਼ਾਮ) ਦੀ ਨਮਾਜ਼ ਪੜ੍ਹਨ ਬਾਅਦ ਤਨਹਾਈ ਦੀ ਮੰਗ ਕੀਤੀ ਤੇ ਕਿਹਾ ਕਿ ਮੇਰੇ ਬੁਲਾਏ ਬਗ਼ੈਰ ਕੋਈ ਅੰਦਰ ਨਾ ਆਵੇ। ਹੁਜਰਾ ( ਕੋਠੜੀ, ਮਸੀਤ ਦੇ ਨਾਲ਼ ਲਗਦਾ ਛੋਟਾ ਜਿਹਾ ਕਮਰਾ ) ਬੰਦ ਕਰ ਲਿਆ। ਗਈ ਰਾਤ (ਅਸ਼ਾ) ਦੀ ਨਮਾਜ਼ ਅਦਾ ਕੀਤੀ ਹੀ ਸੀ ਕਿ ਬੇਹੋਸ਼ ਹੋ ਗਏ। ਜਦੋਂ ਰਤਾ ਹੋਸ਼ ਪਰਤੀ ਤਾਂ ਸੋਚਣ ਲੱਗੇ ਕਿ ਨਮਾਜ਼ ਪੜ੍ਹ ਲਈ ਹੈ ਕਿ ਨਹੀਂ? ਫਿਰ ਆਪੇ ਹੀ ਕਹਿਣ ਲੱਗੇ ਕਿ ਕੀ ਹਰਜ ਹੈ? ਫਿਰ ਪੜ੍ਹ ਲੈਂਦਾ ਹਾਂ। ਜਦ ਸਿਜਦੇ ਵਿੱਚ ਹੋਏ ਤਾਂ ਫਿਰ ਸਿਰ ਉਤਾਂਹ ਨਾ ਚੁੱਕਿਆ ਗਿਆ। ਉਨ੍ਹਾਂ ਦੀ ਪਵਿੱਤਰ ਰੂਹ ਇਸ ਫ਼ਾਨੀ ਜਹਾਨ ਚੋਂ ਪਰਵਾਜ਼ ਕਰ ਗਈ ਸੀ।

------

ਇਤਫ਼ਾਕਨ ਉਸ ਵੇਲੇ ਫ਼ਰੀਦ ਜੀ ਦੇ ਤਿੰਨੇ ਨਾਮਾਵਰ ਮੁਰੀਦਾਂ ਵਿੱਚੋਂ ਉਨ੍ਹਾਂ ਕੋਲ਼ ਕੋਈ ਨਹੀਂ ਸੀ। ਜਮਾਲ ਹਾਂਸਵੀ ਦੋ ਸਾਲ ਹੋਏ ਚੜ੍ਹਾਈ ਕਰ ਗਿਆ ਸੀ। ਸਾਬਰ ਕਲੇਰ ਸਨ ਤੇ ਨਿਜ਼ਮ-ਉਦ-ਦੀਨ ਦਿੱਲੀ ਗਏ ਹੋਏ ਸਨ। ਇਸੇ ਤਰ੍ਹਾਂ ਉਸ ਵੇਲ਼ੇ ਵੀ ਹੋਇਆ ਸੀ ਜਦੋਂ ਖ਼ਵਾਜਾ ਉਸਮਾਨ ਹਾਰੂੰ ਗੁਜ਼ਰੇ ਸਨ। ਉਦੋਂ ਮੀਅਨੁਦੀਨ ਚਿਸ਼ਤੀ ਪਾਸ ਨਹੀਂ ਸਨ। ਚਿਸ਼ਤੀ ਦੇ ਦਿਹਾਂਤ ਵੇਲੇ ਬਖ਼ਤਿਆਰ ਕਾਕੀ ਕੋਲ਼ ਨਹੀਂ ਸਨ ਤੇ ਕਾਕੀ ਦੇ ਅਕਾਲ ਚਲਾਣੇ ਵੇਲੇ ਫ਼ਰੀਦ ਜੀ ਹਾਂਸੀ ਸਨ।

-----

ਫ਼ਰੀਦ ਜੀ ਨੂੰ ਦਫ਼ਨ ਕਰਨ ਲਈ ਪਰਿਵਾਰ ਕੋਲ ਕਫ਼ਨ ਦਾ ਕੱਪੜਾ ਵੀ ਨਹੀਂ ਸੀ। ਫ਼ਰੀਦ ਜੀ ਤਾਕੀਦ ਕਰ ਗਏ ਸਨ ਕਿ ਕਿਸੇ ਤੋਂ ਮੰਗਣਾ ਨਹੀਂ। ਉਸ ਵਕਤ ਪਰਿਵਾਰ ਲਈ ਅਜੀਬ ਸਕੰਟ ਪੈਦਾ ਹੋ ਗਿਆ ਸੀ। ਫਿਰ ਇਸਦਾ ਹੱਲ ਉਹਨਾਂ ਘਰ ਦੀ ਚਾਦਰ ਨੂੰ ਫ਼ਰੀਦ ਜੀ ਦੀ ਲਾਸ਼ ਉੱਤੇ ਪਾ ਕੇ ਕੀਤਾ। ਫ਼ਰੀਦ ਜੀ ਦੀ ਕੁੱਲੀ ਦੀਆਂ ਹੀ ਇੱਟਾ ਪੱਟ ਕੇ ਹੀ ਕਬਰ ਲਈ ਇਸਤੇਮਾਲ ਕੀਤੀਆਂ ਗਈਆਂ ਸਨ। ਉਹਨਾਂ ਉਪਰੰਤ ਉਹਨਾਂ ਦੀ ਗੱਦੀ ਤੇ ਉਹਨਾਂ ਦਾ ਪੁੱਤਰ ਦੀਵਾਨ ਬਦਰੁਦੀਨ ਸੁਲੇਮਾਨ ਬੈਠਾ।

-----

ਫ਼ਰੀਦ ਜੀ ਦੀ ਪੰਜਾਬੀ ਬਾਣੀ ਮੁਕੰਮਲ ਤੌਰ ਤੇ ਅਤੇ ਅਧਿੱਕ ਮਾਤਰਾ ਵਿੱਚ ਦਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਗ੍ਰੰਥ ਵਿਚੋਂ ਪ੍ਰਾਪਤ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਵਿੱਚ ਉਨ੍ਹਾਂ ਦੀ ਬਾਣੀ ਤਿੰਨ ਥਾਵਾਂ ਤੇ ਮਿਲਦੀ ਹੈ।

(1) ਰਾਗੁ ਆਸਾ ਵਿੱਚ ਵਿਉਂਤਬੱਧ 2 ਸ਼ਬਦ।

(2) ਰਾਗੁ ਸੂਹੀ ਵਿੱਚ ਰਚੇ 2 ਸ਼ਬਦ।

(3) 112 ਸਲੋਕ

-----

ਗੁਰੂ ਨਾਨਕ ਦੇਵ ਜੀ ਨੇ ਫ਼ਰੀਦ ਬਾਣੀ ਪਾਕ ਪਟਨ ਫ਼ਰੀਦ ਜੀ ਦੀ ਗੱਦੀ ਦੇ ਸੰਚਾਲਕ ਸ਼ੇਖ਼ ਬ੍ਰਹਮ (ਸ਼ੇਖ਼ ਇਬਰਾਹੀਮ) ਨਾਲ ਹੋਈ ਗੋਸ਼ਟੀ ਵੇਲੇ ਹਾਸਿਲ ਕੀਤੀ ਸੀ। ਉਹਨਾਂ ਸਾਰੀ ਬਾਣੀ ਬਾਬਾ ਫ਼ਰੀਦ ਜੀ ਦੇ 112 ਸ਼ਲੋਕ ਤੇ 4 ਸ਼ਬਦ ਆਪਣੀ ਕਿਤਾਬ (ਗੁਰੂ ਸਾਹਿਬ ਪ੍ਰਚਾਰ ਲਈ ਇੱਕ ਲਿਖਤੀ ਪੋਥੀ ਹਮੇਸ਼ਾ ਆਪਣੇ ਨਾਲ਼ ਰੱਖਿਆ ਕਰਦੇ ਸਨ।

ਪੁਛਣ ਖੋਲ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਨੋਈ।।

ਬਾਬਾ ਆਖੇ ਹਾਜੀਆ, ਸ਼ੁਭ ਅਮਲਾਂ ਬਾਝਹੁ ਦੋਨੋ ਖੋਈ।।

------

ਭਾਈ ਗੁਰਦਾਸ ਜੀ ਨੇ ਵੀ ਇਉਂ ਇਸ ਪੋਥੀ ਵੱਲ ਇਸ਼ਾਰਾ ਕੀਤਾ ਹੈ। ) ਵਿੱਚ ਦਰਜ ਕਰ ਲਏ ਤੇ ਪਿੱਛੋਂ ਗੁਰੂ ਅਰਜਨ ਦੇਵ ਜੀ ਨੇ ਸ਼ੇਖ਼ ਫ਼ਰੀਦ ਜੀਉ ਕੀ ਬਾਣੀ ਤੇ ਸਲੋਕ ਫ਼ਰੀਦ ਕੇ ਦਾ ਸਿਰਲੇਖ ਦੇ ਕੇ ਆਦਰ ਸਹਿਤ ਉਸ ਬਾਣੀ ਨੂੰ ਆਦਿ ਗ੍ਰੰਥ ਸਾਹਿਬ ਵਿੱਚ ਅੰਕਿਤ ਕਰ ਦਿੱਤਾ। ਇਸ ਤਰ੍ਹਾਂ ਫ਼ਰੀਦ ਜੀ ਦੇ ਆਦਿ ਗ੍ਰੰਥ ਵਿੱਚ 112 ਸਲੌਕ ਅਤੇ 4 ਸ਼ਬਦ ਸੰਕਲਿਤ ਹੋ ਗਏ।

-----

ਸੀਅਰੁਲ-ਔਲੀਆ ਵਿੱਚ ਫ਼ਰੀਦ ਜੀ ਦੇ ਕਥਨ, ਖ਼ਤ,ਅਰਬੀ ਰੁਬਾਈਆਂ ਅਤੇ ਕਈ ਫ਼ਾਰਸੀ ਬੈਂਤ ਮਿਲਦੇ ਹਨ। ਪੁਰਾਤਨ ਜਨਮ ਸਾਖੀਆਂ ਅਤੇ ਭਾਈ ਪੈਦੇ ਵਾਲੀ ਬੀੜ ਵਿੱਚ ਫ਼ਰੀਦ ਜੀ ਦੇ ਕਈ ਸ਼ਲੋਕ ਹਨ। ਪੁਰਾਣੇ ਪੰਜਾਬੀ ਕਵਾਲਾ ਨੇ ਫ਼ਰੀਦ ਜੀ ਦੇ ਕਈ ਅਜਿਹੇ ਸਲੋਕ ਵੀ ਗਾਏ ਹਨ ਜੋ ਲਿਖਤੀ ਰੂਪ ਵਿੱਚ ਉਪਲਬਧ ਨਹੀਂ ਸਨ। ਫ਼ਰੀਦ ਜੀ ਦੀ 56 ਸਤਰਾਂ ਦੀ ਇੱਕ ਕਾਫੀ ਭਾਸ਼ਾ ਵਿਭਾਗ ਪਟਿਆਲਾ ਦੀ ਲਾਇਬ੍ਰੇਰੀ ਵਿੱਚ ਸਾਂਭੀ ਹੋਈ ਹੈ।

-----

1265 ਈਸਵੀ ਦੀ ਲਿਖੀ ਇੱਕ ਫ਼ਾਰਸੀ ਕਿਤਾਬ ਵਾਕਿਆਤ ਮੁਸ਼ਤਾਕੀ ਵਿੱਚ ਬਾਬਾ ਫ਼ਰੀਦ ਪਾਕ ਪਟਨ ਵਾਲੇ ਆਖੇ ਅਨੁਸਾਰ ਲਿਖ ਕੇ ਕੁਝ ਲਿਖਿਆ ਹੋਇਆ ਹੈ। ਪਰ ਉਹ ਪੰਜਾਬੀ ਸ਼ਬਦ ਠੀਕ ਪੜ੍ਹੇ ਨਹੀਂ ਜਾ ਸਕੇ ਜੋ ਸਪੱਸ਼ਟ ਪੜ੍ਹੇ ਜਾ ਸਕੇ ਹਨ। ਉਹ ਇਹ ਨਿਮਨ ਲਿਖਤ ਹਨ:-

ਚਿਤ ਗਰ ਜ਼ਮੀਂ ਨਾ ਪਾਈਏ

ਗਿਆ ਬੰਦੇ ਕਿਤ

ਜਿਤ ਪਰਦੇਸੀ।

ਜਮਾਤੇ ਸ਼ਾਹੀ ਵਿੱਚ ਫ਼ਰੀਦ ਦਾ ਦੋਹੜਾ ਹੈ:

ਅਸਾਂ ਕੇਰੀ ਯਹੀ ਸੋ ਰੀਤ

ਜਾਊਂ ਨਾਏ ਕਿ ਜਾੳਂ ਮਸੀਤ।

ਸ਼ੇਖ਼ ਬਾਜਣ ਦੀ ਲਿਖੀ ਕਿਤਾਬ ਖ਼ਜ਼ਾਨਾ ਰਹਿਮਤ ਵਿੱਚ ਫ਼ਰੀਦ ਦੇ ਲਿਖੇ ਪ੍ਰਾਪਤ ਹੁੰਦੇ ਤਿੰਨ ਪੰਜਾਬੀ ਕੌਲਾਂ ਵਿਚੋਂ ਇੱਕ ਹੈ:

ਆਵੋ ਲਧੋ ਸਾਥੜੋ, ਐਂਵੇ ਵਣਜ ਕਹੀਂ

ਮੂਲ ਸੰਭਲੀਂ ਆਪਣਾ, ਪਾਛੇ ਲਾਹਾ ਨਈਂ।

-----

ਮੱਧਕਾਲੀਨ ਸਾਹਿਤ ਅਤੇ ਚਿੰਤਨ ਵਿੱਚ ਫ਼ਰੀਦ ਦਾ ਇੱਕ ਵਿਸ਼ੇਸ਼ ਸਥਾਨ ਹੈ। ਫ਼ਰੀਦ ਜੀ ਠੇਠ ਪੰਜਾਬੀ ਵਿੱਚ ਉੱਚ ਪਾਏ ਦੀ ਕਵਿਤਾ ਲਿਖਣ ਵਾਲੇ ਮੰਨੇ ਪ੍ਰਮੰਨੇ ਕਵੀਆਂ ਦੀ ਕਤਾਰ ਵਿੱਚ ਖੜੋਤੇ ਹਨ। ਫ਼ਰੀਦ ਨੂੰ ਪੰਜਾਬੀ ਕਵਿਤਾ ਦਾ ਬਾਨੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਕੁੱਝ ਹਿੰਦੀ ਦੇ ਕਵੀਆਂ ਨੇ ਵੀ ਫ਼ਰੀਦ ਜੀ ਨੂੰ ਅਪਰੰਸ (ਪੁਰਾਣੀ ਹਿੰਦੀ) ਦਾ ਕਵੀ ਮੰਨਦੇ ਹੋਏ ਉਹਨਾਂ ਦੀ ਬਾਣੀ ਦੀ ਸ਼ੈਲੀਗਤ ਵਿਲੱਖਣਤਾ ਨੂੰ ਸਰਾਹਿਆ ਹੈ। ਫ਼ਰੀਦ ਦੀ ਕਾਵਿ ਰਚਨਾ ਨੂੰ ਰੱਬੀ ਬਾਣੀ ਤੇ ਸੂਫ਼ੀਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਡਾਂਲਾਜਵੰਤੀ ਰਾਮਾਕ੍ਰਿਸ਼ਨਾ ਨੇ ਆਪਣੀ ਪੁਸਤਕ Punjabi Sufi Poets ਵਿੱਚ ਆਪਨੂੰ ਸੂਫ਼ੀ ਕਾਵਿ ਪਰੰਪਰਾ ਦਾ ਇੱਕ ਨਿਰਮਾਣਕਾਰੀ ਸਤੰਭ ਮੰਨਿਆ ਹੈ।

ਫ਼ਰੀਦ ਜੀ ਨੇ ਵੀ ਦੁਸਰੇ ਸੂਫ਼ੀਆਂ ਵਾਂਗ ਆਪਣੀ ਬਾਣੀ ਵਿੱਚ ਅਕਾਲ ਪੁਰਖ ਦੇ ਸਿਮਰਨ ਲਈ ਪ੍ਰੇਰਿਆ ਹੈ।

ਫ਼ਰੀਦਾ ਚਾਰਿ ਗਵਾਇਆ ਹੰਢਿ ਕੈ ਚਾਰ ਗਵਾਇਆ ਸੰਮਿ।।

ਲੇਖਾ ਰਬ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਵਿਅਕਤੀ ਜੀਵਨ ਦੇ ਚਾਰ ਪਹਿਰ (ਅੱਧੀ ਉਮਰ) ਦੁਨਿਆਵੀ ਕੰਮਾਂ-ਧੰਦਿਆਂ ਵਿੱਚ ਗੁਆ ਛੱਡਦਾ ਹੈਂ ਅਤੇ ਬਾਕੀ ਦੇ ਚਾਰ ਪਹਿਰ ਸੌਂ ਕੇ ਗੁਆ ਬੈਠਦਾ ਹੈ। ਜਦੋਂ ਜ਼ਿੰਦਗੀ ਖ਼ਤਮ ਹੋਣ ਪਿੱਛੋਂ ਪ੍ਰਮਾਤਮਾ ਪਾਸ ਪਹੁੰਚਿਆ ਅਤੇ ਉਸ ਨੇ ਕੀਤੇ ਕਰਮਾਂ ਦਾ ਹਿਸਾਬ ਮੰਗਿਆ ਤਾਂ ਉਹ ਕੀ ਜਵਾਬ ਦੇਵੇਂਗਾ? ) ਅਤੇ

ਫ਼ਰੀਦਾ ਬੇਨਿਵਾਜਾ ਕੁਤਿਆ ਏਹ ਨ ਭਲੀ ਰੀਤਿ।।

ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ।।

-----

ਪ੍ਰੋ: ਕਿਸ਼ਨ ਸਿੰਘ ਨੇ ਸ਼ੇਖ਼ ਫ਼ਰੀਦ ਨੂੰ ਪੰਜਾਬੀ ਸੂਫ਼ੀ ਕਾਵਿ ਦਾ ਇੱਕ ਸ਼ਿਰੋਮਣੀ ਕਵੀ ਮੰਨਿਆ ਹੈ। ਫ਼ਰੀਦ ਜੀ ਦਾ ਕਾਵਿ ਸਿਰਫ਼ ਅਖੌਤੀ ਹੀ ਨਹੀਂ ਸਗੋਂ ਉਹਨਾਂ ਦੀ ਆਪਣੀ ਜ਼ਿੰਦਗੀ ਦਾ ਹੰਢਾਇਆ ਹੋਇਆ ਅਨੁਭਵੀ ਅਤੇ ਯਥਾਰਥਵਾਦੀ ਕਾਵਿ ਹੈ।

ਫ਼ਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ।।

ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ।।

-----

ਪ੍ਰੋਫੈਸਰ ਖਲੀਕ ਅਹਿਮਦ ਨਿਜ਼ਾਮੀ ਵੀ ਫ਼ਰੀਦ ਜੀ ਦੀ ਬਾਣੀ ਦੀ ਰੂਪਗਤ ਵਿਲੱਖਣਤਾ ਦਾ ਵਿਸ਼ਲੇਸ਼ਣ ਕਰਦਾ ਹੋਇਆ ਲਿਖਦਾ ਹੈ ਕਿ ਆਦਿ ਗ੍ਰੰਥ ਵਿੱਚ ਆਪਦੇ ਜਿਤਨੇ ਸ਼ਲੋਕ ਮਿਲਦੇ ਹਨ , ਉਹਨਾਂ ਦੀ ਵਿਚਾਰਧਾਰਾ, ਬਿੰਬਾਵਲੀ ਅਤੇ ਸ਼ਬਦਾਵਲੀ ਫ਼ਰੀਦ ਜੀ ਦੀ ਪ੍ਰਤਿਭਾ ਦੇ ਅਨੁਕੂਲ ਹੈ।

ਫ਼ਰੀਦਾ ਜਿਨ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠ।।

ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ।।

( ਅਰਥ:- ਫ਼ਰੀਦ ਜੀ ਫੁਰਮਾਉਂਦੇ ਹਨ ਕਿ ਜਿਨ੍ਹਾਂ ਖੂਬਸੂਰਤ ਅੱਖੀਆਂ ਨੇ ਦੁਨੀਆਂ ਨੂੰ ਮਸਤ ਕਰ ਰੱਖਿਆ ਸੀ, ਉਹਨਾਂ ਦੀ ਸਾਰੀ ਹਕੀਕਤ ਮੈਂ ਜਾਣ ਲਈ ਹੈ। ਉਹ ਨਾਜ਼ੁਕ ਨੈਣ, ਜੇ ਕਦੇ ਕਜਲੇ ਦੀ ਧਾਰ ਨਹੀਂ ਸਹਾਰਦੇ ਸਨ। ਅੱਜ ਵਿਅਕਤੀ ਦੀ ਮੌਤ ਉਪਰੰਤ ਅੱਖਾਂ ਦੇ ਉਹਨਾਂ ਖਾਨਿਆਂ ਵਿੱਚ ਪੰਛੀਆਂ ਨੇ ਆਪਣੇ ਬੱਚੇ ਦੇ ਰੱਖੇ ਹਨ। ਜਵਾਨੀ ਤੇ ਹੁਸਨ ਦਾ ਕੀ ਮਾਨ? )

-----

ਫ਼ਰੀਦ ਜੀ ਨੇ ਆਪਣੇ ਅਨੁਭਵ ਨੂੰ ਬੜੇ ਗ੍ਰਹਿਣਯੋਗ, ਪ੍ਰਮਾਣਿਕ ਤੇ ਪ੍ਰਭਾਵਸ਼ਾਲੀ ਢੰਗ ਨਾਲ ਅਭਿਵਿਅਕਤ ਕੀਤਾ ਹੈ। ਚਿੰਤਨ ਤੋਂ ਪਤਾ ਲੱਗਦਾ ਹੈ ਕਿ ਫ਼ਰੀਦ ਨੇ ਉਸ ਸਮੇਂ ਦੇ ਸਮਾਜਿਕ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਢਾਂਚੇ ਤੇ ਕਟਾਖਸ਼ ਵੀ ਕੀਤਾ ਹੈ। ਸਮਾਜ ਵਿੱਚ ਪ੍ਰਚਲਤ ਕੁਰੀਤੀਆਂ ਦਾ ਚਿਤਰਨ ਸ਼ੇਖ਼ ਫ਼ਰੀਦ ਦੀ ਵਿਸ਼ੇਸ਼ਤਾ ਰਹੀ ਹੈ। ਹਜ਼ਰਤ ਕਿਰਮਾਨੀ ਨੇ ਆਪਣੀ ਪੁਸਤਕ ਸੀਅਰੁਲ ਔਲੀਆ ਵਿੱਚ ਫ਼ਰੀਦ ਕਾਵਿ ਨੂੰ ਸੀਰੀ-ਵਰਤਾ-ਅਸਤ ਕਹਿ ਕੇ ਇਸਦੀ ਸ਼ੈਲੀਗਤ ਵਿਲੱਖਣਤਾ ਵੱਲ ਇੱਕ ਬੜਾ ਭਰਪੂਰ ਸੰਕੇਤ ਕੀਤਾ ਹੈ।

-----

ਫ਼ਰੀਦ ਜੀ ਨੇ ਬਾਣੀ ਵਿੱਚ ਹਲੀਮੀ, ਨਿਮਰਤਾ, ਲਾਲਚ ਤਿਆਗ, ਏਕਤਾ, ਦਿਆ, ਪ੍ਰੇਮ, ਸਹਾਨੁਭੂਤੀ, ਮਿਲਵਰਤਣ ਅਤੇ ਸਹਿਣਸ਼ੀਲਤਾ ਜਿਹੇ ਗੁਣਾਂ ਨੂੰ ਧਾਰਨ ਕਰਨ ਲਈ ਆਖਿਆ ਗਿਆ ਹੈ।

ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨ।।

ਫ਼ਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣ ਮਸਾਨ ।।

( ਅਰਥ:- ਫ਼ਰੀਦ ਜੀ ਕਹਿੰਦੇ ਹਨ ਕਿ ਲੋਕ ਵਿਛੋੜਾ ਵਿਛੋੜਾ ਕੂਕਦੇ ਤਾਂ ਰਹਿੰਦੇ ਹਨ, ਇਸਦੀ ਬੁਰਾਈ ਵੀ ਕਰਦੇ ਹਨ, ਪਰੰਤੂ ਇਹ ਵਿਛੋੜਾ ਹੀ ਮਨੁੱਖੀ ਜੀਵਨ ਦਾ ਸੁਲਤਾਨ ਹੈ। ਜਿਸ ਦਿਲ ਵਿੱਚ ਵਿਛੋੜੇ ਦੇ ਭਾਵ ਹੀ ਪੈਦਾ ਨਹੀਂ ਹੁੰਦੇ, ਉਹ ਦਿਲ ਤਾਂ ਇੱਕ ਸ਼ਮਸ਼ਾਨ ਹੈ ਅਤੇ ਉਥੇ ਕੋਈ ਹੋਰ ਜਜ਼ਬਾ ਵੀ ਪੁੰਗਰ ਨਹੀਂ ਸਕਦਾ। )

-----

ਭਾਵੇਂ ਸਮਾਂ ਕੋਈ ਵੀ ਹੋਵੇ, ਫ਼ਰੀਦ ਬਾਣੀ ਸਾਡਾ ਨੈਤਿਕ ਜੀਵਨ ਪੱਧਰ ਉੱਚਾ ਕਰਨ ਲਈ ਅੱਜ ਵੀ ਉਨੀ ਹੀ ਲੋੜੀਂਦੀ ਹੈ ਜਿੰਨੀ ਕਿ ਉਸ ਵਕਤ ਸਾਰਥਕ ਸੀ। ਫ਼ਰੀਦ ਬਾਣੀ ਦਾ ਗੁਣਗਾਨ ਕਰਦਾ ਹੋਇਆ ਪ੍ਰੋ: ਬ੍ਰਹਮ ਜਗਦੀਸ਼ ਸਿੰਘ ਲਿਖਦਾ ਹੈ ਕਿ ਫ਼ਰੀਦ ਦਾ ਕਲਾਮ ਮਨੁੱਖ ਨੂੰ ਮਨੁੱਖ ਨਾਲ ਜੋੜਨ ਵਾਸਤੇ ਇੱਕ ਪੁਲ਼ ਦਾ ਕੰਮ ਕਰਦਾ ਹੈ।

-----

ਪਿਆਰਾ ਸਿੰਘ ਪਦਮ ਅਨੁਸਾਰ ਫ਼ਰੀਦ ਬਾਣੀ ਦਾ ਮੂਲ ਆਧਾਰ ਮਹਾਤਮਾ ਬੁੱਧ ਦਾ ਸ਼ੁੱਧ ਸ਼ਿਸ਼ਟਾਚਾਰ, ਬਾਬਾ ਗੋਰਖ ਦਾ ਤਪ ਅਤੇ ਤਿਆਗ,ਹਜਰਤ ਮੁਹੱਮਦ ਸਾਹਿਬ ਦਾ ਸਬਰ, ਸੰਤੋਖ ਅਤੇ ਭਗਤੀ ਲਹਿਜੇ ਦੀ ਪ੍ਰੇਮ ਪ੍ਰਧਾਨ ਭਗਤੀ ਹੈ।

-----

ਬੇਸ਼ੱਕ ਫ਼ਰੀਦ ਜੀ ਅੱਜ ਸਾਡੇ ਦਰਮਿਆਨ ਜਿਸਮਾਨੀ ਰੂਪ ਵਿੱਚ ਮੌਜੂਦ ਨਹੀਂ ਹਨ। ਪਰ ਜਦੋਂ ਤੱਕ ਫ਼ਰੀਦ ਦੀ ਬਾਣੀ ਜਿੰਦਾ ਹੈ, ਉਹ ਰੂਹਾਨੀ ਤੌਰ ਤੇ ਹਮੇਸ਼ਾਂ ਸਾਡੇ ਦਰਮਿਆਨ ਰਹਿਣਗੇ। ਫ਼ਰੀਦ ਬਾਣੀ ਆਦਰਸ਼ਕ ਸਮਾਜ ਦੇ ਨਿਰਮਾਣ ਵਾਸਤੇ ਅਤਿਅੰਤ ਜ਼ਰੂਰੀ ਹੈ।

-----

ਜਿਸ ਤਰ੍ਹਾਂ ਬਾਰ੍ਹਵੀਂ ਤੇਰ੍ਹਵੀ ਸਦੀ ਵਿੱਚ ਸੂਫ਼਼ੀਵਾਦ ਪ੍ਰਣਾਲੀ ਦੇ ਪ੍ਰਚਲਨ ਅਤੇ ਅਲੌਕਿਕ ਸੂਫ਼ੀ ਬਾਣੀ ਦੇ ਪ੍ਰਚਾਰ ਸਦਕਾ ਲੋਕ ਮਜ਼ਹਬੀ ਫ਼ਾਸਲਿਆਂ ਨੂੰ ਮਿਟਾ ਕੇ ਇੱਕ ਦੂਜੇ ਦੇ ਨੇੜੇ ਹੁੰਦੇ ਗਏ। ਇਸੇ ਤਰ੍ਹਾਂ ਅੱਜ ਵੀ ਅਸੀਂ ਆਪਣੇ ਇਰਦ-ਗਿਰਦ ਮਜ਼ਹਬ, ਨਸਲ, ਜਾਤ-ਪਾਤ, ਬੋਲੀ, ਫਿਰਕਿਆਂ ਅਤੇ ਆਰਥਿਕਤਾ ਦੀਆਂ ਜੋ ਦੀਵਾਰਾਂ ਉਸਾਰੀ ਬੈਠੇ ਹਾਂ। ਉਹਨਾਂ ਨੂੰ ਢਾਹ ਕੇ ਅਜੋਕੇ ਸਮਾਜ ਦੀ ਡਾਵਾਡੋਲ ਸਥਿਤੀ ਨੂੰ ਸੰਤੁਲਤ ਕਰਨ ਲਈ ਅਤੇ ਮਜ਼ਹਬੀ ਵਹਿਸ਼ਤ ਦੇ ਖ਼ਾਤਮੇ, ਸਿਤਮ ਜ਼ਰੀਫ਼ੀ, ਭਾਸ਼ਾਈ ਅਤੇ ਖੇਤਰੀ ਝਗੜੇ ਮੁਕਾਉਣ ਲਈ ਫ਼ਰੀਦ ਬਾਣੀ ਦਾ ਪ੍ਰਚਾਰ ਅਤਿਅਵੱਸ਼ਕ ਹੈ। ਸੋ ਲੋੜ ਹੈ ਫ਼ਰੀਦ ਬਾਣੀ ਦੇ ਯੋਗ ਪ੍ਰਚਾਰ ਦੀ, ਬਾਣੀ ਨੂੰ ਸਮਝਣ ਦੀ ਅਤੇ ਜੀਵਨ ਵਿੱਚ ਢਾਲ਼ਣ ਦੀ, ਤਦੇ ਹੀ ਅਸੀਂ ਅਦਰਸ਼ਕ ਜੀਵਨ ਦਾ ਨਿਰਮਾਣ ਕਰ ਸਕਣ ਵਿੱਚ ਕਾਮਯਾਬ ਹੋ ਸਕਾਂਗੇ।

*****

ਸਮਾਪਤ